ਸੁਨਹਿਰੀ ਹੋਣ ਕਰਕੇ ਹੀ ਜੇ ਪਿੰਜਰਾ ਖ਼ੂਬਸੂਰਤ ਹੈ।
ਤਾਂ ਸਮਝੋ ਪੰਛੀਆਂ ਦੀ ਸੋਚਣੀ ਵਿਚ ਵੀ ਸਿਆਸਤ ਹੈ।
ਕਿਸੇ ਦੀ ਮੈਂ ਜ਼ਰੂਰਤ ਹਾਂ,ਕੋਈ ਮੇਰੀ ਜ਼ਰੂਰਤ ਹੈ,
ਜ਼ਰੂਰਤ ਹੀ ਜ਼ਰੂਰਤ ਵਿਚ,ਜ਼ਮਾਨਾ ਖ਼ੂਬਸੂਰਤ ਹੈ।
ਤੁਸੀਂ ਜੇ, ਖ਼ਾਬਾਂ ਵਰਗੇ ਹੋ ਛਲਾਵੇ ਦੇਣ ਦੇ ਆਦੀ,
ਉਂਨੀਦੇ ਰਹਿਣ ਦੀ ਸਾਨੂੰ ਵੀ ਉਮਰਾਂ ਤੋਂ ਮੁਹਾਰਤ ਹੈ।
ਤੁਸੀਂ ਗ਼ਮਲੇ ‘ਚ ਲਾ ਕੇ ਬਿਰਖ਼ ਨੂੰ ਬੌਣਾ ਬਣਾ ਦਿੱਤਾ,
ਤੁਹਾਡੇ ਫ਼ਨ ਤੇ ਪਿੱਪਲ ਦੀ ਬਹੁਤ ਗੁੱਸੇ ਸ਼ਨਾਖ਼ਤ ਹੈ।
ਘਰੋਂ ਤਾਂ ਚੱਲ ਪੈਂਦੇ ਹਾਂ ਬਣਾ ਕੇ ਕਾਫ਼ਿਲੇ ਅਕਸਰ,
ਚੁਰਸਤੇ ਵਿਚ ਮਗ਼ਰ ਸਾਨੂੰ ਸਦਾ ਭਟਕਣ ਦੀ ਆਦਤ ਹੈ।
ਸ਼ਿਕਾਇਤ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਣਾ ਪੈਦਾ ,
ਕਿ ਅਜਕੱਲ੍ਹ ਰਿਸ਼ਤਿਆਂ ਵਿਚ ਸ਼ੀਸ਼ਿਆਂ ਵਰਗੀ ਨਜ਼ਾਕਤ ਹੈ।
ਮੁਸਾਫ਼ਿਰ ਰੌਸ਼ਨੀ ਦੇ ਕਰਨਗੇ ਜਿਤ ਦਰਜ ਨ੍ਹੇਰੇ ‘ਤੇ,
ਜਦੋਂ ਤਕ ਸਾਹਮਣੇ ਜੁਗਨੂੰ ਜਿਹੀ ਇਕ ਵੀ ਹਕੀਕਤ ਹੈ।
ਅਸੀਂ ਬੱਚਿਆਂ ਨੂੰ ਪਹਿਲਾਂ ਟੀ.ਵੀ. ਦੇ ਦਰਸ਼ਕ ਬਣਾ ਦਿੱਤਾ,
ਗਿਲੇ ਇਹ ਵੀ ਅਸੀਂ ਕੀਤੇ,ਇਨ੍ਹਾਂ ਨੂੰ ਕੀ ਲਿਆਕਤ ਹੈ।
ਬਣਾਉਂਦਾ ਵੇਖਿਆ ਜਦ ਪਿੰਜਰੇ ਵਿਚ ਆਲ੍ਹਣਾ ਪੰਛੀ,
ਬੜਾ ਕੁਝ ਸੋਚ ਕੇ ਦਿਲ ਨੇ ਕਿਹਾ ,ਇਹ ਵੀ ਹਿਫ਼ਾਜ਼ਤ ਹੈ।
ਸਮੁੰਦਰ ਵੀ ਵਿਕਾਊ ਹੋਣ ਦੀ ਧੁਨ ਵਿਚ ਉਛਲਦੇ ਨੇ,
ਜਦੋਂ ਦੀ ਪਾਣੀਆਂ ਉੱਤੇ ਪਈ ਬੰਦੇ ਦੀ ਸੁਹਬਤ ਹੈ।
****