ਸੱਭਿਅਤਾ ਦੇ ਜੰਗਲ ਵਿੱਚ ਦੋ ਲੱਤਾਂ ਵਾਲੇ ਜਾਨਵਰ
ਲੜਦੇ ਝਗੜਦੇ ਇੱਕ ਦੂਜੇ ਨੂੰ ਮਾਰਕੇ ਖਾ ਰਹੇ।
ਜੰਮਕੇ ਬੱਚਿਆਂ ਨੂੰ ਥਣੋਂ ਦੁੱਧ ਚੁੰਘਾਉਣਾ ਸ਼ਰਮ ਸਮਝਦੇ
ਸੁਆਕੇ ਝੂਲਿਆਂ ਵਿੱਚ ਛਾਤੀਆਂ ਨਾਲ ਲਾਉਣਾ ਸ਼ਰਮ ਸਮਝਦੇ
ਖਿਡੌਣਿਆਂ ਨੂੰ ਕੋਲ ਛੱਡਕੇ ਖੁਦ ਨੌਕਰੀ ਕਰਨ ਭੱਜਦੇ
ਮਮਤਾ ਦੇ ਭੁੱਖੇ ਬੱਚੇ ਟੈਲੀਵੀਯਣ ਦੇਖਕੇ ਰੱਜਦੇ
ਆਪਣੇ ਬੁਣੇ ਹੋਏ ਜਾਲ਼ਿਆਂ ਵਿੱਚ ਫਸੇ ਮਨੁੱਖੀ ਜਾਨਵਰ
ਲਾਪਰਵਾਹੀ ਵਰਤਕੇ ਮਸੂਮ ਬੋਟਾਂ ਨੂੰ ਮਾਸਖੋਰੇ ਦਰਿੰਦੇ ਬਣਾ ਰਹੇ।
ਆਪਣੇ ਮਾਪਿਆਂ ਨੂੰ ਇੱਜਤ ਪਿਆਰ ਤੋਂ ਵਾਂਝੇ ਰੱਖਦੇ
ਖੁਦ ਮਾਪੇ ਬਣਕੇ ਬੱਚਿਆਂ ਦੇ ਪਿਆਰ ਵੱਲ ਤੱਕਦੇ
ਭਰਾਵਾਂ ਦਾ ਇੱਕ ਦੂਜੇ ਨਾਲ ਇੱਟ ਕੁੱਤੇ ਦਾ ਵੈਰ
ਰੱਖੜੀ ਬੰਨ੍ਹਕੇ ਵੀ ਭੈਣ ਭਾਈ ਨੂੰ ਜਾਣਦੀ ਗੈਰ
ਦੋਸਤ, ਗੁਆਂਫੀ ਵਰਗੇ ਰਿਸ਼ਤੇ ਸੱਤਯੁਗ ਨਾਲ ਬੀਤ ਗਏ
ਈਰਖਾ ਦੇ ਸਾੜੇ ਹੋਏ ਮਨੁੱਖ ਦੁਸ਼ਮਣੀਆਂ ਵਧਾ ਰਹੇ।
ਗੋਰੇ ਕਾਲੇ ਦਾ ਭੇਦ, ਅੰਗਰੇਜੀ ਪੰਜਾਬੀ ਦਾ ਫਰਕ
ਖੱਬੇ ਸੱਜੇ ਦਾ ਵੈਰ ਕੱਢਦੇ ਮਨੁੱਖਤਾ ਦਾ ਅਰਕ
ਟਾਂਗੇ ਕਾਰ ਦੀ ਦੌੜ, ਹੱਥਖੱਡੀ ਕਾਰਖਾਨੇ ਦਾ ਵਿਰੋਧ
ਘੜੀ ਦੀਆਂ ਸੁਈਆਂ ਦੌੜਨ ਸਮੇਂ ਦਾ ਕਿਸਨੂੰ ਬੋਧ
ਪ੍ਰ੍ਰਮਾਣੂੰ, ਹਾਈਡਰੋਜਨ ਤੋਂ ਅੱਗੇ ਨਿਊਟਰੋਨ ਬੰਬ ਬਣਾਕੇ
ਸੱਭਿਅਤਾ ਦੇ ਜੰਗਲ ਨੂੰ ਦੋ ਲੱਤੇ ਪ੍ਰਾਣੀ ਡਰਾਉਣਾ ਬਣਾ ਰਹੇ।