ਜੇਠ.......... ਨਜ਼ਮ/ਕਵਿਤਾ / ਸੁਰਿੰਦਰ ਸਿੰਘ ਸੁੰਨੜ

ਜੇਠ ਵੱਡੇ ਨੂੰ ਆਖਦੇ, ਵੱਡਿਆਂ ਤੋਂ ਲੈ ਮੱਤ,
ਪਿਓ ਦਾਦੇ ਦੇ ਵਾਂਗ ਤੇਰਾ ਵੀ ਭੰਗ ਹੋਣਾ ਜਤ ਸਤ।

ਤਪਸ਼ ਵੱਲ ਨੂੰ ਤੁਰ ਪਿਓਂ, ਇਹ ਕੀ ਤੇਰੀ ਦੌੜ,
ਅਸਲੀ ਮਾਇਆ ਤਿਆਗ ਕੇ, ਕਰ ਲਿਆ ਝੁੱਗਾ ਚੌੜ।

ਹਿੰਗ ਲੱਗੀ ਨਾ ਫਟਕੜੀ, ਮਿਲ ਗਈ ਮਾਨਸ ਦੇਹ,
ਪਰ ਤੂੰ ਇਹ ਵੀ ਸਮਝ ਲੈ, ਖੇਹ ਨੇ ਹੋਣਾ ਖੇਹ।

ਕਰਜਾ ਚੁੱਕਣ ਲੱਗਿਆਂ, ਇੱਕ ਦਿਨ ਹੋਊ ਹਿਸਾਬ,

ਪਾਈ ਪਾਈ ਦੇਣ ਲਈ, ਰੱਖੀਂ ਤਿਆਰ ਜੁਵਾਬ।

ਆਪਣੇ ਪੈਰੀਂ ਹੋਣ ਦਾ, ਤੂੰ ਕਰਦਾ ਫਿਰਦਾਂ ਮਾਣ,
ਇੱਕ ਦਿਨ ਐਸਾ ਆਵਸੀ, ਕੋਈ ਨਾ ਚੱਲੂ ਤਾਣ।

ਚਰਨ ਕਮਲ ਦਾ ਆਸਰਾ, ਛੱਡ ਤੁਰਿਓਂ ਤੂੰ ਆਪ,
ਤਪਸ਼ ਵਿੱਚੋਂ ਨਹੀਂ ਲੱਭਣਾ, ਠੰਡਕ ਵਰਗਾ ਸਾਕ।

****