ਹੁਸਨ-ਕਟਾਰ……… ਨਜ਼ਮ/ਕਵਿਤਾ / ਗੁਰਵਿੰਦਰ ਸਿੰਘ ਘਾਇਲ

ਸਾਮ੍ਹਣੇ ਮੇਰੇ ਕਿਨਾਰਾ ਸੀ,
ਅਚਾਨਕ ਆਇਆ ਇੱਕ ਤੁਫਾਨ,
ਕਿਸ਼ਤੀ ਮੇਰੀ ਡਗਮਗਾਈ,
ਦਿਲ ‘ਚ ਰਹਿ ਗਏ ਦਿਲ ਦੇ ਅਰਮਾਨ।

ਇਹ ਕੀ ਹੋਇਆ, ਇਹ ਕੀ ਹੋਇਆ,
ਅਜਿਹਾ ਤਾਂ ਅਸੀਂ ਸੋਚਿਆ ਨਹੀਂ ਸੀ,
ਪਰ ਤਦ ਤੱਕ ਲੁੱਟ ਚੁੱਕੇ ਸੀ,
ਜਦੋਂ ਆਇਆ ਆਪਣਾ ਧਿਆਨ।

ਸਜ਼ਾ ਮਿਲੀ ਏ ਕਿਸ ਕਸੂਰ ਦੀ,
ਕੁਝ ਇਹ ਵੀ ਤਾਂ ਪਤਾ ਲੱਗੇ,
ਬੇਵਫ਼ਾਈ ਦਾ ਸਾਡੇ ਉਤੇ ਕਿਉਂ,
ਝੱਟ ਜਾਰੀ ਕਰ ਦਿਤਾ ਫੁਰਮਾਨ।

ਆਜ਼ਾਦ ਤਬੀਅਤ, ਆਜ਼ਾਦ ਸੋਚਣੀ,
ਆਜ਼ਾਦ ਖਿਆਲ, ਆਜ਼ਾਦ ਸੀ ਦਿਲ,
ਹੁਸਨ ਨੇ ਤਾਂ ਹੀ ਲੁੱਟਿਆ ਸਾਨੂੰ,
ਇਸ਼ਕ ਦੀ ਰਾਹ ਤੋਂ ਸਾਂ ਅਣਜਾਣ।

ਰੱਬ ਦਾ ਦਰਜਾ ਉਨ੍ਹਾਂ ਨੂੰ ਦੇ ਕੇ,
ਰੱਬ ਨਾਲ ਵੀ ਪਾਇਆ ਵੈਰ,
ਕਿੰਨਾ ਖੁਦਗਰਜ਼ ਹੋ ਜਾਂਦਾ ਏ,
ਇਸ਼ਕ ‘ਚੋਂ ਮੇਰੇ ਵਾਂਗ ਹਰ ਇਨਸਾਨ।

ਸ਼ਾਇਦ ਆਖਰੀ, ਸ਼ਾਇਦ ਆਖਰੀ,
ਇਹ ਤਾਂ ਆਖਰੀ ਹੀ ਹੋਵੇਗਾ,
ਖੁਸ਼ੀ ਖੁਸ਼ੀ ਦਿੰਦੇ ਰਹੇ,
ਇਹੀ ਸੋਚ ਕੇ ਹਰ ਇਮਤਿਹਾਨ।

ਮੰਨ ਗਏ ਮੰਨ ਗਏ, ਉਨ੍ਹਾਂ ਨੂੰ ਯਾਰੋ,
ਹੁਣ ਸਮਝੇ ਉਨ੍ਹਾਂ ਦੀਆਂ ਚਾਲਾਂ ਨੂੰ,
ਕਿੰਨੀ ਸਿਆਣਪ ਨਾਲ ਵਰਤਦੇ ਨੇ ਉਹ,
ਕਈ ਤਲਵਾਰਾਂ ਲਈ ਇੱਕ ਮਿਆਨ।

ਬੱਲੇ ਹੁਸਨਾਂ ਬੱਲੇ ਹੁਸਨਾਂ,
ਹੁਣ ਤੇਰੀ ਖੇਡ ਸਮਝ ਆਈ,
ਆਸ਼ਕਾਂ ਨੂੰ ਬਰਬਾਦ ਤੂੰ ਕਰਕੇ,
ਬਣਾ ਛੱਡਦਾ ਏਂ ਉਨਾਂ ਦੀ ਦਾਸਤਾਨ।

ਹੁਸਨ, ਕਟਾਰ, ਫ਼ਕੀਰ, ਘੋੜੇ ਤੇ,
ਕਦੇ ਨਾ ਕਰੀਏ ਯਕੀਨ ਯਾਰੋ,
‘ਘਾਇਲ‘ ਨੂੰ ਚੇਤੇ ਆਈ ਬਾਦ ‘ਚ,
ਸਿਆਣਿਆਂ ਦੀ ਇਹ ਅਖਾਣ।

****