ਪੰਜਾਬੀ ਮਾਂ........... ਨਜ਼ਮ/ਕਵਿਤਾ / ਅਵਤਾਰ ਸਿੰਘ ਰਾਏ, ਇੰਗਲੈਂਡ

ਆਜਾ ਵੇ ਮੁੜ ਆ ਵਤਨਾਂ ਨੂੰ, ਆਜਾ ਵੇ ਮੁੜ ਆ ਵਤਨਾਂ ਨੂੰ!
ਤੈਨੂੰ ਵਾਜਾਂ ਮਾਰਦੀ ਮਾਂ, ਵੇ ਮੁੜ ਆ ਵਤਨਾਂ ਨੂੰ!

ਪੁੱਤਰ ਤੁਰ ਗਏ ਪ੍ਰਦੇਸਾਂ ਨੂੰ, ਸੁੰਨੀਆਂ ਕਰ ਗਏ ਰਾਹਵਾਂ!
ਹੁੱਬਕੀ ਹੁੱਬਕੀ ਮਮਤਾ ਰੋਵੇ, ਵਾਜਾਂ ਮਾਰਨ ਮਾਂਵਾਂ!
ਗਲੀਆਂ ਵਿਹੜੇ ਖਾਲੀ ਖਾਲੀ ਭਾਂ ਭਾਂ ਕਰਨ ਗਰਾਂ!
ਵੇ ਮੁੜ ਆ ਵਤਨਾਂ ਨੂੰ....

ਉੱਜੜ ਜਾਂਦੀ ਜਦੋਂ ਕਿਸੇ ਦੀ ਹਰੀ ਭਰੀ ਫੁਲਵਾੜੀ ਵੇ!
ਮੱਲੋ ਮੱਲੀ ਬਣ ਬੈਂਹਦਾ ਏ, ਹਰ ਗਾਲ੍ਹੜ ਪਟਵਾਰੀ ਵੇ!
ਗਜ਼ ਦੀ ਥਾਂ ਤੇ ਰੱਸੀਆਂ ਦੇ ਨਾਲ ਮਿਣਦਾ ਫਿਰਦਾ ਥਾਂ!
ਵੇ ਮੁੜ ਆ ਵਤਨਾਂ ਨੂੰ....


ਨਦੀਆਂ ਨਾਲੇ ਲੋਕੀਂ ਵੰਡ ਲਏ, ਬੰਜ਼ਰ ਹੋ ਗਈ ਖ਼ੇਤੀ ਵੇ!
ਮਹਿਲਾਂ ਦੇ ਵਿਚ ਉੱਲੂ ਬੋਲੂ, ਜੇ ਨਾ ਮੁੜਿਆ ਛੇਤੀ ਵੇ!
ਦੇਸ ਤੇਰਾ ਫਿਰ ਦੇਸ ਨਹੀ ਰਹਿਣਾ, ਬਦਲ ਜਾਊਗਾ ਨਾਂ!
ਵੇ ਮੁੜ ਆ ਵਤਨਾਂ ਨੂੰ....

ਫਿਰ ਨਾ ਇੱਥੇ ਮੇਲੇ ਲਗਣੇ, ਨਾ ਵੱਜਣੇ ਢੋਲ ਵਿਸਾਖੀ ਦੇ!
ਨਾ ਛੱਲੀਆਂ ਤੇ ਚੱਲਣੇ ਗੋਪੀਏ, ਨਾ ਚਾਅ ਕਣਕ ਦੀ ਰਾਖੀ ਦੇ!
ਨਾ ਚਿੜੀਆਂ ਨਾ ਤੋਤੇ ਰਹਿਣੇ, ਵਸ ਉੱਡਣਗੇ ਕਾਂ!
ਵੇ ਮੁੜ ਆ ਵਤਨਾਂ ਨੂੰ....

ਜੋਰੂ ਜਰ ਤੇ ਸਰਹੱਦਾਂ ਨੂੰ, ਕਦੇ ਨਾ ਸੁੰਨੇ ਛੱਡੀਏ ਵੇ!
‘ਮੋਰਾਂਵਾਲੀਆ ਰਾਏ‘ ਆਜਾ, ਘਰੋਂ ਗਰੀਬੀ ਕੱਢੀਏ ਵੇ!
ਮੁੜਕੇ ਨਾ ਮਰ ਜਾਣਾ ਆਖੂੰ, ਖ਼ੁਦ ਮਰਦੀ ਮਰ ਜਾਂ!
ਵੇ ਮੁੜ ਆ ਵਤਨਾਂ ਨੂੰ....

****