ਮੇਰੇ ਸੂਰਜ ! ਦਿਨੇ ਰਾਤੀਂ ਤੇਰਾ ਹੀ ਖਿਆਲ ਰਹਿੰਦਾ ਹੈ
ਕੋਈ ਕੋਸਾ ਜਿਹਾ ਚਾਨਣ ਹਮੇਸ਼ਾ ਨਾਲ ਰਹਿੰਦਾ ਹੈ
ਤੂੰ ਮੇਰੇ ਸ਼ਹਿਰ ਨਾ ਆਵੀਂ ਖਿਜ਼ਾਂ ਦਾ ਦੌਰ ਹੈ ਏਥੇ
ਕਿ ਹਰ ਬੂਟਾ ਹੀ ਏਥੇ ਤਾਂ ਬੜਾ ਬੇਹਾਲ ਰਹਿੰਦਾ ਹੈ
ਜੇ ਵਰ੍ਹ ਗਈ ਬੱਦਲੀ ਕੋਈ ਤਾਂ ਘੱਲ ਦੇਵੀਂ ਹਰੇ ਪੱਤੇ
ਥਲਾਂ ਦੇ ਬੂਟਿਆ ਤੇਰਾ ਬੜਾ ਹੀ ਖਿਆਲ ਰਹਿੰਦਾ ਹੈ
ਪਤਾ ਹੈ ਓਸਨੂੰ ਮੈਂ ਪੌਣ ਹਾਂ ਮਛਲੀ ਨਹੀਂ ਕੋਈ
ਨਾ ਜਾਣੇ ਕਿਉਂ ਮੇਰੇ ਦੁਆਲ਼ੇ ਉਹ ਬੁਣਦਾ ਜਾਲ਼ ਰਹਿੰਦਾ ਹੈ
ਜਗਾਈ ਨਾ ਅਲਖ ਆ ਕੇ ਕਿਸੇ ਜੋਗੀ ਨੇ ਦਰ ਉਹਦੇ
ਕਿ ਜੀਹਦੇ ਹੱਥ ‘ਚ ਮੋਤੀਆਂ ਦਾ ਥਾਲ਼ ਰਹਿੰਦਾ ਹੈ
ਉਹ ਇਕ ਪਰਦਾ ਹੈ ਜਿਸ ਉਤੇ ਬਣੀ ਹੈ ਅੱਗ ਦੀ ਮੂਰਤ
ਤੇ ਉਸ ਮੂਰਤ ਦੇ ਪਿੱਛੇ ਇਕ ਠੰਢਾ ਸਿਆਲ਼ ਰਹਿੰਦਾ ਹੈ
ਮੇਰੇ ਮੌਲਾ ! ਉਦ੍ਹੀ ਕੁੱਲੀ ਕਿਆਮਤ ਤੱਕ ਰਹੇ ਰੌਸ਼ਨ
ਜੁ ਲੰਘ ਗਏ ਹਰ ਮੁਸਾਫਿਰ ਦਾ ਹੀ ਪੁੱਛਦਾ ਹਾਲ ਰਹਿੰਦਾ ਹੈ