ਅਤ੍ਰਿਪਤੀ
ਹੇ ਗੁਰੂਦੇਵ!
ਮੈਂ ਆਪਣੀਆਂ ਅਤ੍ਰਿਪਤੀਆਂ ਦਾ ਕਾਸਾ ਲੈ ਕੇ
ਖੜ੍ਹੀ ਹਾਂ ਤੇਰੇ ਦੁਆਰ
ਤੂੰ ਗਿਆਨ ਦਾ ਮਹਾਂਸਾਗਰ
ਮੇਰੀ ਤਪਦੀ ਰੂਹ ਨੂੰ
ਜ਼ਰਾ ਕੁ ਨਮੀ ਬਖ਼ਸ਼
ਸਿਰ ‘ਤੇ ਛਾਈਆਂ ਕਾਲੀ਼ਆਂ ਘਟਾਵਾਂ
ਲੰਘ ਗਈਆਂ ਤੇਹਾਂ ਜਗਾ ਕੇ
ਮੇਰੇ ਮੱਥੇ ਦੀ ਠੀਕਰੀ ਤੇ ਉਕਰਿਆ
ਯੁਗਾਂ ਦਾ ਸੰਤਾਪ
ਮੇਰੀ ਦੇਹੀ ਦੀ ਜਿਲਦ ‘ਤੇ ਲਿਖੀ
ਪੀੜ੍ਹੀਆਂ ਦੀ ਭਟਕਣ
ਮੇਰੇ ਸਖਣੇ ਕਾਸੇ ਵਿਚ
ਦੋ ਧੜਕਦੇ ਹਰਫ਼ ਪਾ
ਜੋ ਪਾਰ ਲੈ ਜਾਣ ਮੈਨੂੰ
ਫੈਲਦੀ ਸਿਮਟਦੀ ਪਿਆਸ ਤੋਂ
ਪੈਰਾਂ ਹੇਠਲੀ ਬਰਫ਼ ਉਤੇ
ਚੇਤਨਾ ਦੇ ਅੰਗਿਆਰ ਵਿਛਾ
ਅੰਧਕਾਰ ਦੀ ਸਲਤਨਤ ਵਿਚ
ਕੋਈ ਦੀਵਾ ਜਗਾ
ਮੇਰੇ ਗਿਰਦ ਝੁਰਮਟ ਹੈ
ਪਾਗਲ ਸ਼ੰਕਾਵਾਂ ਦਾ
ਮੇਰੇ ਸੁਪਨਿਆਂ ਵਿਚ ਸ਼ੋਰ ਹੈ
ਬਿਫਰੇ ਦਰਿਆਵਾਂ ਦਾ
ਕਿਸ ਬਿਧ ਸਹਿਜ ਹੋ ਕੇ
ਆਪਣੀ ਹੋਂਦ ਦਾ ਮਕਸਦ ਤਲਾਸ਼ਾਂ
ਕਿਸ ਬਿਧ ਤਰਲ ਹੋ ਕੇ
ਵਗਾਂ ਅਪਣੇ ਧਰਾਤਲ ‘ਤੇ
ਤੂੰ ਮੈਨੂੰ ‘ਊੜੇ’ ਦੀ ਉਂਗਲ਼ ਫੜਾ
ੜਾੜੇ ਦੀ ਪੈੜ
ਮੈਂ ਆਪ ਤਲਾਸ਼ ਲਵਾਂਗੀ
ਗੁਰੂਦੇਵ
ਹੇ ਸਖੀ!
ਅਤ੍ਰਿਪਤੀਆਂ ਹੀ ਜਾਮਨ ਹੁੰਦੀਆਂ
ਰਗਾਂ ਵਿਚ ਦੌੜਦੇ ਲਹੂ ਦੀਆਂ
ਪਿਆਸ ਮਿਟ ਜਾਵੇ
ਤਲਾਸ਼ ਦਾ ਸਿਲਸਿਲਾ ਹੀ ਰੁਕ ਜਾਂਦਾ
ਫੇਰ ਵੀ
ਖੁਸ਼ਕ ਬੁੱਲ੍ਹਾਂ ‘ਤੇ ਦੋ ਬੂੰਦਾਂ ਡੋਲ੍ਹ ਕੇ
ਜ਼ਰੂਰੀ ਹੈ ਪਿਆਸ ਜਿਉਂਦੀ ਰੱਖਣੀ
ਪਾਟੇ ਪੈਰਾਂ ਉਤੇ ਮਹਿੰਦੀ ਲਾਈਏ
ਤਾਂ ਰੰਗ ਹੋਰ ਗੂੜ੍ਹਾ ਉਘੜਦਾ
ਅਣੀਆਂ ਦੀ ਕਸ਼ਮਕਸ਼ ਦੇ ਬੇਰੋਕ ਵੇਗ ਨੂੰ
ਅਸੀਂ ਸੰਤਾਪ ਆਖੀਏ ਜਾਂ ਹੋਣੀ
ਭਟਕਣ ਜਾਂ ਤਲਾਸ਼
ਬਸ ਇਹੀ ਹੈ ਅਧਾਰ ਸਾਡੀ ਹੋਂਦ ਦਾ
ਹਰ ਸ਼ੰਕਾ ਦਾ ਜਨਮ
ਤਰਲ ਕਰ ਦਿੰਦਾ ਸਾਨੂੰ
ਗਹਿਰਾਈਆਂ ‘ਚ ਵਗਣ ਲਈ
ਹਰ ਸ਼ੰਕਾ ਦੀ ਮੌਤ
ਪਥਰਾਅ ਦਿੰਦੀ
ਮਨ ਵਿਚ ਲਰਜ਼ਦੇ ਪਾਰੇ ਨੂੰ
ਚਿਤ ਵਿਚ ਖੌਰੂ ਹੋਵੇ
ਤਾਂ ਜ਼ਰੂਰੀ ਹੈ
ਉਸਨੂੰ ਪੌਣ ਦੇ ਹਵਾਲੇ ਕਰਨਾ
ਅੰਦਰਲੀ ਝੀਲ ਮੂਰਛਤ ਹੋਵੇ
ਤਾਂ ਜ਼ਰੂਰੀ ਹੈ ਉਸਨੂੰ ਤਰੰਗਤ ਕਰਨਾ
ਤੈਨੂੰ ਮੁਬਾਰਕ ਹੋਵੇ ਇਹ ਭਟਕਣ
ਤੇਰੀ ਪਾਜੇਬ ਦੇ ਜ਼ਖ਼ਮ
ਫੁੱਲ ਬਣ ਕੇ ਖਿੜਨਗੇ ਇਕ ਦਿਨ
ਮੈਂ ਜੋ
ਬੂੰਦ ਮਾਤਰ ਹਾਂ ਮਹਾਂਸਾਗਰ ਦੀ
ਆਪਣੇ ਵਜੂਦ ਦੇ ਸੱਤੇ ਰੰਗ ਵਿਛਾਉਂਦਾ ਹਾਂ
ਤੇਰੇ ਮੁਬਾਰਕ ਪੈਰਾਂ ਹੇਠ.............