ਚਿੰਤਨ ਤੇ ਚਰਚਾ.......... ਗ਼ਜ਼ਲ / ਪ੍ਰੋ. ਜਸਪਾਲ ਘਈ

ਕਦੇ ਚਿੰਤਨ, ਕਦੇ ਚਰਚਾ, ਕਦੇ ਚਰਚਾ 'ਤੇ ਚਰਚਾ ਹੈ
ਕਿਤਾਬਾਂ ਜਾਗ ਰਹੀਆਂ ਨੇ, ਤੇ ਸਾਰਾ ਸ਼ਹਿਰ ਸੁੱਤਾ ਹੈ

ਲਓ ਇਹ ਕਿਸ਼ਤੀਆਂ ਸਾਂਭੋ, ਜੇ ਹਿੰਮਤ ਹੈ ਤਾਂ ਫਿਰ ਆਓ
ਮਿਰੀ ਹਿੱਕ ਦਾ ਹੈ ਥਲ ਸ਼ਾਹਿਦ, ਮਿਰਾ ਹੀ ਨਾਮ ਦਰਿਆ ਹੈ


ਚਿਰਾਗਾਂ ਨੂੰ ਜੇ ਪਰ ਹੋਵਣ ਤਾਂ ਕਿਥੋਂ ਤੀਕ ਉੱਡਣਗੇ
ਪਲਾਂ ਦੇ ਵਾਂਗ ਹੈ ਚਾਨਣ, ਤੇ ਉਮਰਾਂ ਵਾਂਗ ਨੇਰ੍ਹਾ ਹੈ

ਤਿਰੀ ਤਹਿਰੀਰ ਹੈ ਕੱਲੀ, ਮਿਰੀ ਤਕਦੀਰ ਕਿੰਝ ਹੋਈ
ਲਕੀਰਾਂ ਭਾਵੇਂ ਹਨ ਤਿਰੀਆਂ, ਮਗਰ ਇਹ ਹੱਥ ਤੇ ਮੇਰਾ ਹੈ

ਜ਼ਰਾ ਖੰਜਰ ਤੋਂ ਹੀ ਪੜ੍ਹ ਲੈ, ਲਹੂ ਮੇਰੇ ਨੇ ਕੀ ਲਿਖਿਐ
ਤਿਰੇ ਜੁਲਮਾਂ ਦੇ ਨੇਰ੍ਹੇ ਵਿਚ ਮਿਰੀ ਰੂਹ ਦਾ ਸਵੇਰਾ ਹੈ

ਇਹ ਸੰਗਲ ਸਾਜ਼ ਬਣ ਛਣਕਣ, ਇਹ ਸੂਲ਼ਾਂ ਤਾਜ ਬਣ ਚਮਕਣ
ਕਿ ਅੰਬਰ ਨੂੰ ਕਰੇ ਕੈਦੀ, ਇਹ ਕਿਸ ਪਿੰਜਰੇ ਦਾ ਜੇਰਾ ਹੈ