ਚਿੱਟੇ ਸਫਿ਼ਆਂ 'ਤੇ.......... ਗ਼ਜ਼ਲ / ਸੁਰਜੀਤ ਜੱਜ (ਪ੍ਰੋ.)

ਚਿੱਟੇ ਸਫਿ਼ਆਂ 'ਤੇ, ਕਾਲ਼ੇ ਅੱਖਰ ਸਿਸਕ ਰਹੇ ਨੇ
ਸ਼ੀਸ਼ੇ ਦੇ ਘਰ ਦੀ ਸਰਦਲ 'ਤੇ, ਗੁੰਗੇ ਪੱਥਰ ਸਿਸਕ ਰਹੇ ਨੇ

ਕਿੱਥੋਂ ਤੀਕਰ ਹਠੀ ਕਿਨਾਰੇ, ਅਪਣੀ ਹੋਂਦ ਬਚਾ ਸਕਦੇ ਹਨ
ਹਰ ਮੱਛੀ ਦੀ ਅੱਖ 'ਚ ਖ਼ਬਰੇ, ਕਿੰਨੇ ਸਾਗਰ ਸਿਸਕ ਰਹੇ ਨੇ


ਤੇਰੀ ਚਾਹਤ ਗੁੰਗੀ ਕੋਇਲ, ਬੇਰੰਗ ਤਿਤਲੀ, ਬੁਝਿਆ ਦੀਵਾ
ਮੇਰੇ ਜਿ਼ਹਨ 'ਚ ਨਿੱਕੇ-ਨਿੱਕੇ, ਕਿੰਨੇ ਅੰਬਰ ਸਿਸਕ ਰਹੇ ਨੇ

ਹਾਦਸਿਆਂ ਨੂੰ ਕਿੰਝ ਮੁਖ਼ਾਤਿਬ, ਹੋਣ ਮੁਸਾਫਿ਼ਰ ਏਥੇ ਦੱਸੋ
ਭਟਕੇ ਹੋਏ ਪੈਰਾਂ ਤਾਈਂ, ਪੁੱਛਦੇ ਕੰਕਰ ਸਿਸਕ ਰਹੇ ਨੇ

ਤੂੰ ਜਿਹਨਾਂ ਤੋਂ ਹਾਸੇ ਲੈ ਕੇ, ਚਿਹਰੇ ਉੱਤੇ ਚਾੜ੍ਹ ਰਿਹਾ ਏਂ
ਉਹ ਕੈਕਟਸ ਤਾਂ ਖੁ਼ਦ ਉਮਰਾਂ ਤੋਂ, ਗਮਲੇ ਅੰਦਰ ਸਿਸਕ ਰਹੇ ਨੇ

ਮੈਂ ਤੇਰੇ ਤਕ ਜਦ ਵੀ ਪੁੱਜਾਂ, ਸੁੰਨ ਮਸੁੰਨਾ ਹੋ ਜਾਂਦਾ ਹਾਂ
ਸ਼ਾਇਦ ਤੇਰੇ ਜਿ਼ਹਨ ਚਿ ਕਿਧਰੇ, ਮੇਰੇ ਖੰਡਰ ਸਿਸਕ ਰਹੇ ਨੇ

ਤੇਰੀ ਧੁੱਪ ਦੇ ਬਖ਼ਸ਼ੇ ਹੋਏ, ਨਿੱਘ ਦਾ ਭਰਮ ਹੰਢਾਵਾਂ ਕਿੱਦਾਂ
ਮੇਰੀ ਮਿੱਟੀ ਵਿੱਚੋਂ ਮੇਰੀ, ਮੈਂ ਦੇ ਵੱਤਰ ਸਿਸਕ ਰਹੇ ਨੇ

ਪਾਣੀ, ਪਿਆਸ, ਹਵਾ ਤੇ ਪੱਤੇ, ਸਭਨਾਂ ਵਿਚ ਸੁਰਜੀਤ ਹਾਂ ਮੈਂ ਤਾਂ
ਕੀ ਦੱਸੇਂਗਾ ਮੇਰੇ ਹਾਸੇ ਕਿੱਧਰ-ਕਿੱਧਰ ਸਿਸਕ ਰਹੇ ਨੇ