ਧੀ-ਧਿਆਣੀ.......... ਨਜ਼ਮ/ਕਵਿਤਾ / ਸੁਮਿਤ ਟੰਡਨ (ਆਸਟ੍ਰੇਲੀਆ)


ਕੁਝ ਹਫ਼ਤੇ ਹੋਏ, ਬੇਟੀ ਤਨੀਸ਼ਾ ਸਾਨੂੰ ਮਿਲਣ ਲਈ ਪੰਜਾਬ ਤੋਂ ਐਡੀਲੇਡ ਆਈ ਹੋਈ ਹੈ . ਅੱਜ ਮੇਰਾ ਮਿੱਤਰ ਸੁਮਿਤ ਟੰਡਨ ਉਸਨੂੰ ਮਿਲਣ ਲਈ ਘਰ ਆਇਆ ਹੋਇਆ ਸੀ . ਉਸਨੂੰ ਗਿਆਂ ਕਰੀਬ ਘੰਟਾ ਕੁ ਹੀ ਹੋਇਆ ਹੈ ਕਿ ਉਸਨੇ ਇਹ ਕਵਿਤਾ ਲਿਖ ਕੇ ਈ-ਮੇਲ ਕੀਤੀ ਹੈ . ਦਿਲ ਨੂੰ ਛੋਹ ਲੈਣ ਵਾਲੀ ਇਹ ਕਵਿਤਾ “ਸ਼ਬਦ ਸਾਂਝ” ਦੇ ਸੰਪਾਦਕ ਦੇ ਤੌਰ ‘ਤੇ ਨਹੀਂ ,ਤਨੀਸ਼ਾ ਦੇ ਪਾਪਾ ਤੇ ਸੁਮਿਤ ਦੇ ਦੋਸਤ ਦੇ ਤੌਰ ‘ਤੇ ਆਪ ਜੀ ਨਾਲ਼ ਸਾਂਝੀ ਕਰ ਰਿਹਾ ਹਾਂ . ਸੁਮਿਤ... ਧੰਨਵਾਦ ਇਸ ਪਿਆਰੀ ਕਵਿਤਾ ਲਈ...


ਰਿਸ਼ੀ ਗੁਲਾਟੀ

ਅੱਜ ਮਿਲੀ ਇੱਕ ਧੀ ਧਿਆਣੀ, ਲੱਗੀ ਦਿਲ ਨੂੰ ਬੜੀ ਸਿਆਣੀ
ਪੋਲਾ ਪੋਲਾ ਹੱਸਦੀ ਐਦਾਂ, ਅੰਬਰ ਵਰ੍ਹਿਆ ਸਾਉਣ ਦਾ ਪਾਣੀ।
ਸ਼ਕਲ ਸੂਰਤ ਤੋਂ ਮਰੀਅਮ ਵਰਗੀ, ਨਟਖਟ ਚੰਚਲ ਪਰੀਆਂ ਵਰਗੀ
ਬੋਲ ਉਹਦੇ ਸੀ ਬੜੇ ਪਿਆਰੇ, ਘਿਓ ਸੱਕਰ ਵਿੱਚ ਗੁੰਨ੍ਹੇ ਸਾਰੇ
ਠੁਮਕ ਠੁਮਕ ਉਹ ਚੱਲਦੀ ਐਦਾਂ, ਗਿੜਦੇ ਹਲਟ ਜਿਊਂ ਬਲ੍ਹਦਾਂ ਥਾਣੀ।
ਅੱਜ ਮਿਲੀ ਇੱਕ ਧੀ ਧਿਆਣੀ…

ਆਈ ਵਤਨ ਤੋਂ ਮਿਲਣ ਸੀ ਮਾਪੇ, ਖੁਸ਼ੀਆਂ ਦੇ ਵਿੱਚ ਫੁੱਲੀ ਜਾਪੇ
ਅੱਖਾਂ ਵਿਚਲੇ ਕੋਏ ਦੱਸਦੇ, ਘੜੀ-ਮੁੜੀ ਜਿਸ ਰਸਤੇ ਨਾਪੇ।
ਮੰਮੀ ਪਾਪਾ ਨਾਲ ਜੋ ਬਹਿੰਦੀ, ਹਰ ਦਮ ਹੱਸਦੀ ਟੱਪਦੀ ਰਹਿੰਦੀ
ਗੁੱਡੇ ਗੁੱਡੀਆਂ ਨੂੰ ਜੋ ਕਹਿੰਦੀ, ਬਣੋ ਮੇਰੇ ਸੱਭ ਹਾਣੀ
ਮਿਲੀ ਸੀ ਇੱਕ ਨਿਆਣੀ…

ਕੁਛ ਦਿਨਾਂ ਲਈ ਆਈ ਜਿਹੜੀ, ਮੁੜ ਕੇ ਹੋਊ ਪਰਾਈ ਜਿਹੜੀ
ਧੀ ਬਾਬੁਲ ਨੂੰ ਦਿਲ ਤੋਂ ਲੋਚੇ, ਅੰਮੀ ਦੇ ਘਰ ਜਾਈ ਜਿਹੜੀ।
ਮਾਪੇ ਹਿੱਕ ‘ਤੇ ਸਿੱਲ੍ਹ ਧਰਨਗੇ, ਧੀ ਨੂੰ ਜਿਸ ਦਿਨ ਵਿਦਾ ਕਰਨਗੇ
ਹੱਥੀਂ ਤੋਰ ਕੇ ਫਾਰਗ ਹੋਣਗੇ, ਜੱਗ ਦੀ ਰੀਤ ਪੁਰਾਣੀ
ਮਿਲੀ ਸੀ ਇੱਕ ਨਿਮਾਣੀ……॥