ਵਾਂਗ ਸ਼ਿਕਾਰੀ ਦੂਹਰਾ ਹੋ ਹੋ ਝੁੱਕਦਾ ਹਾਂ।
ਪਾਪਾਂ ਦੀ ਪੰਡ ਲੈ ਤੇਰੇ ਦਰ ਢੁੱਕਦਾ ਹਾਂ।
ਤੂੰ ਘਟ ਘਟ ਦੀ ਜਾਣੇ ਤੈਥੋਂ ਕੀ ਓਹਲਾ,
ਆਪਣੇ ਆਪ ਦੇ ਕੋਲੋਂ ਫਿਰਦਾ ਲੁੱਕਦਾ ਹਾਂ।
ਖੁਦ ਨੂੰ ਧੋਖਾ ਦੇ ਰਿਹਾ ਸ਼ਾਮ ਸਵੇਰੇ ਮੈਂ,
ਸ਼ਰਮ ‘ਚ ਡੁੱਬਾ ਅੱਖ ਉਤਾਂਹ ਨਾ ਚੁੱਕਦਾ ਹਾਂ।
ਦੁੱਖ ਵੇਲੇ ਹੀ ਮੈਂ ਬਸ ਤੈਨੂੰ ਯਾਦ ਕਰਾਂ,
ਸੁੱਖ ਵੇਲੇ ਨਾ ਤੇਰੇ ਨੇੜੇ ਢੁੱਕਦਾ ਹਾਂ।
ਮੱਥਾ ਟੇਕ ਦਵਾਨੀ ਲੱਖਾਂ ਮੰਗਦਾ ਹਾਂ,
ਝੋਲੀ ਅੱਡਣ ਲੱਗਾ ਰਤਾ ਨਾ ਉੱਕਦਾ ਹਾਂ।
ਭੋਲਿਆ ਰੱਬਾ ਤੂੰ ਵੀ ਦੁਨੀਆ ਵਰਗਾ ਹੋ,
ਨੇਕ ਸਲਾਹ ਦੇਣੋ ਨਾ ਤੈਨੂੰ ਉੱਕਦਾ ਹਾਂ।
ਤੂੰ ਕਾਹਤੋਂ ਨਾ ਬਦਲਿਆ ਨਾਲ ਜ਼ਮਾਨੇ ਦੇ,
ਇਹਨਾਂ ਸੋਚਾਂ ਵਿੱਚ ਮੈਂ ਜਾਂਦਾ ਸੁੱਕਦਾ ਹਾਂ।
ਬਹੁਤ ਪੁਰਾਣੀ ਗੱਲ ਜਦੋਂ ਤੂੰ ‘ਕੱਲਾ ਸੈਂ,
ਮੈਂ ਅੱਧੋਂ ਵੱਧ ਭਾਰ ਤੇਰਾ ਹੁਣ ਚੁੱਕਦਾ ਹਾਂ।
ਮੌਕਾ ਮਿਲਿਆ ਥੱਲੇ ਆ ਕੇ ਵੇਖੀਂ ਤੂੰ,
ਮੈਂ ਰੱਬ ਬਣਿਆ ਕਿੱਦਾਂ ਏਥੇ ਬੁੱਕਦਾ ਹਾਂ।