ਮਜਬੂਰ ਕੁੜੀ ਦੇ ਨਾਂ.......... ਨਜ਼ਮ/ਕਵਿਤਾ / ਚਰਨਜੀਤ ਕੌਰ ਧਾਲੀਵਾਲ (ਸੈਦੋਕੇ)

ਭੁੱਲ-ਭੁਲੇਖਾ ਪਾ ਕੇ
ਕੁੰਡੀ ਲਾ ਲਈ ਜ਼ਾਲਮਾਂ ਨੇ...
ਬੁੱਲਬੁਲ ਤੇਰੀ ਵਿਚ ਪਿੰਜਰੇ ਦੇ
ਪਾ ਲਈ ਜ਼ਾਲਮਾਂ ਨੇ...

ਮੈ ਚਹਿਕ-ਚਹਿਕ ਕੇ ਗਾਉਂਦੀ
ਖਾਂਦੀ ਵਤਨਾਂ ਦੇ ਮੇਵੇ
ਹੁਣ ਚੀਕ-ਚੀਕ ਕੇ ਮਰਜਾਂ
ਕੋਈ ਘੁੱਟ ਪਾਣੀ ਨਾ ਦੇਵੇ
ਇਹ ਮੁਲਕ ਨਹੀ ਮੇਰਾ
ਪਰਾਈ ਅਖਵਾ ਲਈ ਜ਼ਾਲਮਾਂ ਨੇ...
ਬੁੱਲਬੁਲ ਤੇਰੀ ਪਿੰਜਰੇ ਦੇ ਵਿਚ
ਪਾ ਲਈ ਜ਼ਾਲਮਾਂ ਨੇ...

ਨਿੱਤ ਆਉਂਦੇ-ਜਾਂਦੇ ਕਾਂ
ਕਰਦੇ ਮਨ-ਆਈਆਂ ਵੇ ਲੋਕੋ
ਕੋਈ ਤਰਸ ਕਰੇ ਨਾ ਮੇਰਾ
ਦੇਵਾਂ ਦੁਹਾਈਆ ਵੇ ਲੋਕੋ
ਮਾਰ-ਮਾਰ ਕੇ ਚੁੰਝਾਂ
ਚਮੜੀ ਖਾ ਲਈ ਜ਼ਾਲਮਾਂ ਨੇ...
ਬੁੱਲਬੁਲ ਤੇਰੀ ਪਿੰਜਰੇ ਦੇ ਵਿਚ
ਪਾ ਲਈ ਜ਼ਾਲਮਾਂ ਨੇ...

ਰੋਜ ਸਿ਼ਕਾਰੀ ਆਉਂਦੇ
ਅੱਗੇ ਦੀ ਅੱਗੇ ਲੈ ਜਾਂਦੇ ਉਹ
ਦੁੱਗਣਾ-ਤਿੱਗਣਾ ਹੁਸਨ ਮੇਰੇ ਦਾ
ਮੁੱਲ ਪਾ ਜਾਂਦੇ ਉਹ
ਮੋਹਰ "ਲੰਡਨ" ਦੀ ਹਿੱਕ ਮੇਰੀ 'ਤੇ
ਲਾ ਲਈ ਜ਼ਾਲਮਾਂ ਨੇ...
ਬੁੱਲਬੁਲ ਤੇਰੀ ਪਿੰਜਰੇ ਦੇ ਵਿਚ
ਪਾ ਲਈ ਜ਼ਾਲਮਾਂ ਨੇ...

ਜਿਹੜੇ ਪਿੰਜਰੇ ਵਿਚ ਮੈ ਫ਼ਸ ਗਈ
ਮੈਥੋ ਖੁੱਲ੍ਹਦਾ ਨਹੀ ਸੱਜਣਾਂ
ਦਿਲ ਮਾਰ ਉਡਾਰੀ ਚਾਹੁੰਦਾ
ਵਤਨ ਨੂੰ ਭੱਜਣਾ ਵੇ ਸੱਜਣਾਂ
ਤੂੰਹੀਉਂ ਆਣ ਛੁਡਾ ਲੈ
ਬੜੀ ਤੜਫ਼ਾ ਲਈ ਜ਼ਾਲਮਾਂ ਨੇ...
ਬੁੱਲਬੁਲ ਤੇਰੀ ਪਿੰਜਰੇ ਦੇ ਵਿਚ
ਪਾ ਲਈ ਜ਼ਾਲਮਾਂ ਨੇ...

ਉੱਡਣ ਨੂੰ ਦਿਲ ਕਰਦਾ
ਕਿਹੜੇ ਰਾਹ ਉਡਾਰੀ ਜਾਹ
ਹਰ ਮੋੜ 'ਤੇ ਖ਼ਤਰਾ
ਦੇਣ ਸਿ਼ਕਾਰੀ ਮਾਰ ਮੁਕਾ!
ਦੂਰ-ਦੂਰ ਤੱਕ ਪਾਸੇ
ਜਾਲ ਵਿਛਾ ਲਈ ਜ਼ਾਲਮਾਂ ਨੇ...
ਬੁੱਲਬੁਲ ਤੇਰੀ ਪਿੰਜਰੇ ਦੇ ਵਿਚ
ਪਾ ਲਈ ਜ਼ਾਲਮਾਂ ਨੇ...

ਝੂਠੇ ਜੇ ਬੁੱਲ੍ਹ ਫ਼ਰਕਣ
ਦਿਲ ਤੋ ਹੱਸਿਆ ਨਹੀ ਜਾਂਦਾ
ਨਾ ਜੋਤ ਅੱਖਾਂ ਦੀ ਪੂਰੀ
ਹੁਣ ਤਾਂ ਤੱਕਿਆ ਨਹੀ ਜਾਂਦਾ
ਫੜਕੇ ਰਹਿਣ ਘੁੰਮਾਉਂਦੇ
ਇਹ ਸਿ਼ਕਾਰੀ ਜ਼ਾਲਮਾਂ ਵੇ...
ਬੁੱਲਬੁਲ ਤੇਰੀ ਪਿੰਜਰੇ ਦੇ ਵਿਚ
ਪਾ ਲਈ ਜ਼ਾਲਮਾਂ ਨੇ...

"ਸੈਦੋ" ਕਿਆ ਦੀ ਦਿਸਦੀ ਨਾ ਕਦੇ
ਆਪਣੀ ਰੂਹ ਮੈਨੂੰ
ਕੋਈ ਰਾਹੀ ਆ ਸਮਝਾਂਦੇ
ਮੇਰੇ ਪਿੰਡ ਦੀ ਜੂਹ ਮੈਨੂੰ
"ਧਾਲੀਵਾਲ" ਤਾ ਏਥੇ ਹੀ
ਮਾਰ-ਮੁਕਾ ਲਈ ਜ਼ਾਲਮਾਂ ਨੇ...
ਬੁਲਬੁਲ ਤੇਰੀ ਪਿੰਜਰੇ ਦੇ ਵਿਚ
ਪਾ ਲਈ ਜ਼ਾਲਮਾਂ ਨੇ...
****