ਰਹਿਮਤ .......... ਨਜ਼ਮ/ਕਵਿਤਾ / ਸੁਮਿਤ ਟੰਡਨ (ਆਸਟ੍ਰੇਲੀਆ)

ਦਿਲ ਖੁਸ਼ੀਆਂ ਵਿੱਚ ਖੁਸ਼ਵਾਰ ਹੋਏ, ਅੱਜ ਤਰਦੇ ਤਰਦੇ ਪਾਰ ਹੋਏ
ਕੋਈ ਦੱਸੋ ਮੇਰੀ ਅੰਮੜੀ ਨੂੰ, ਤੇਰੀ ਕਿਰਪਾ ਦੁੱਖ ਸੰਘਾਰ ਹੋਏ
ਦਿਲ ਖੁਸ਼ੀਆਂ ਵਿੱਚ ਖੁਸ਼ਵਾਰ ਹੋਏ।

ਜਦੋਂ ਚੜ੍ਹਿਆ ਪਹਿਲੀ ਪੌੜੀ ਮੈਂ, ਕਈ ਦਿਲ ਵਿੱਚ ਡਰ ਸਵਾਰ ਹੋਏ
ਤੂੰ ਫੜਿਆ ਹੱਥ ਮੇਰਾ ਡਿੱਗਦੇ ਦਾ, ਹਰ ਮੰਜ਼ਿਲ ਜੈ-ਜੈਕਾਰ ਹੋਏ
ਤੇਰੀ ਪੈੜ ‘ਤੇ ਚੱਲ ਕੇ ਅੱਜ ਮੈਂ ਮਾਂ, ਸੱਭ ਸੋਚੇ ਸੁਪਨ ਸਾਕਾਰ ਹੋਏ
ਦਿਲ ਖੁਸ਼ੀਆਂ ਵਿੱਚ ਖੁਸ਼ਵਾਰ ਹੋਏ

ਤੇਰੇ ਹੋਸ਼ ਨੇ ਭਰਿਆ ਜੋਸ਼ ਮੇਰਾ, ਜਿਸ ਕਰਕੇ ਇਹ ਉਪਕਾਰ ਹੋਏ
ਮੈਂ ਪੁੱਤ ਕਪੁੱਤ ਹਾਂ ਜਨਮਾਂ ਤੋਂ, ਤੇਰੇ ਦੁੱਧ ਵਿਚ ਨਾ ਹੰਕਾਰ ਹੋਏ
ਮੈਂ ਕਰਜ਼ਦਾਰ ਤੇ ਰਿਣੀ ਤੇਰਾ, ਨਾ ਚਾਹ ਕੇ ਕਰਜ਼ ਉਤਾਰ ਹੋਏ
ਬੱਸ ਹੱਥ ਜੋੜ ਇਹ ਬੰਦਗ਼ੀ ਹੈ, ਨਾਂ ਪੁੱਤਾਂ ‘ਤੇ ਮਾਂ ਭਾਰ ਹੋਏ
ਦਿਲ ਖੁਸ਼ੀਆਂ ਵਿੱਚ ਖੁਸ਼ਵਾਰ ਹੋਏ।

****