ਪੁੱਤਾਂ ਖਾਤਰ ਕੁੱਖ ਵਿੱਚ ਧੀਆਂ ਕਤਲ ਕਰਾਉ ਨਾ……… ਗੀਤ / ਬਲਵਿੰਦਰ ਸਿੰਘ ਮੋਹੀ

ਕੁਦਰਤ ਦੇ ਨਾਲ ਭੁੱਲਕੇ ਲੋਕੋ ਮੱਥਾ ਲਾਉ ਨਾ,
ਪੁੱਤਾਂ ਖਾਤਰ ਕੁੱਖ ਵਿੱਚ ਧੀਆਂ ਕਤਲ ਕਰਾਉ ਨਾ।

ਐਵੇਂ ਬਣੋ ਨਾ ਨਾਦਾਨ, ਦਿੱਤਾ ਨਾਨਕ ਨੇ ਗਿਆਨ,
ਕਾਹਨੂੰ ਆਖਦੇ ੳ ਮੰਦਾ ਜੀਹਨੇ ਜੰਮੇ ਨੇ ਰਾਜਾਨ,
ਸਿੱਖਿਆ ਬਾਬੇ ਨਾਨਕ ਦੀ ਨੂੰ ਦਿਲੋਂ ਭੁਲਾਉ ਨਾ,
ਪੁੱਤਾਂ ਖਾਤਰ ਕੁੱਖ ਵਿੱਚ ਧੀਆਂ ਕਤਲ ਕਰਾਉ ਨਾ। 

ਧੀਆਂ ਨਾਲ ਸੰਸਾਰ, ਇਹ ਤਾਂ ਘਰ ਦਾ ਸ਼ਿੰਗਾਰ,
ਵਿਹੜੇ ਬਾਬਲੇ ਦੇ ਆਉਣ ਇਹ ਤਾਂ ਬਣ ਕੇ ਬਹਾਰ,
ਬਖਸ਼ੀ ਦਾਤ ਜੋ ਦਾਤੇ ਨੇ ਉਸ ਨੂੰ ਠੁਕਰਾਉ ਨਾ,
ਪੁੱਤਾਂ ਖਾਤਰ ਕੁੱਖ ਵਿੱਚ ਧੀਆਂ ਕਤਲ ਕਰਾਉ ਨਾ। 

ਧੀ ਕੋਈ ਵੀ ਨਾ ਮੰਗੇ, ਕਹਿਣ ਪੁੱਤਰਾਂ ਨੂੰ ਚੰਗੇ,
ਭਾਵੇਂ ਮਾਪਿਆਂ ਦੀ ਜਾਨ ਪੁੱਤ ਸੂਲੀ ਉੱਤੇ ਟੰਗੇ,
ਤੁਸੀਂ ਡਰੋ ਰੱਬ ਤੋਂ ਲੋਕੋ ਡਾਢਾ ਪਾਪ ਕਮਾਉ ਨਾ ,
ਪੁੱਤਾਂ ਖਾਤਰ ਕੁੱਖ ਵਿੱਚ ਧੀਆਂ ਕਤਲ ਕਰਾਉ ਨਾ। 

ਧੀਆਂ ਧਨ ਹੈ ਬਿਗਾਨਾ, ਤਾਂ ਵੀ ਖੁਸ਼ੀ ਦਾ ਖਜ਼ਾਨਾ,
ਕਾਹਨੂੰ ਕੁੱਖਾਂ ਵਿੱਚ ਕੋਹੋ ਦੇਣਾ ਪਊ ਹਰਜਾਨਾ,
ਆਉਂਦੀ ਪ੍ਹੀੜੀ ਡੂੰਘੇ ਸੰਕਟ ਦੇ ਵਿੱਚ ਪਾਉ ਨਾ,
ਪੁੱਤਾਂ ਖਾਤਰ ਕੁੱਖ ਵਿੱਚ ਧੀਆਂ ਕਤਲ ਕਰਾਉ ਨਾ।  

ਸੁੱਖ ਮਾਪਿਆਂ ਦੀ ਚਾਹੁਣ, ਭਾਗ ਦੂਜੇ ਘਰ ਲਾਉਣ,
ਜੱਗ ਜਨਣੀ ਦਾ ਰੁਤਬਾ ਇਹ ਦੁਨੀਆਂ ਤੇ ਪਾਉਣ,
‘ਮੋਹੀ’ ਜਗਦੀ ਜੋਤ ਬੁਝਾ ਕੇ ’ਨੇਰਾ ਆਪ ਬੁਲਾਉ ਨਾ,
ਪੁੱਤਾਂ ਖਾਤਰ ਕੁੱਖ ਵਿੱਚ ਧੀਆਂ ਕਤਲ ਕਰਾਉ ਨਾ।

****