ਫੱਤੂ ਬਨਾਮ ਪਰਵਾਸੀ.......... ਨਜ਼ਮ/ਕਵਿਤਾ / ਕੁਲਦੀਪ ਢੀਂਡਸਾ

ਗ਼ਹਿਣੇ ਵੇਚ ਕੇ ਪਿੰਡ ਜ਼ਗੀਰ ਕੁਰ ਦੇ,
ਪਾ ਪਿਉ ਦਾਦੇ ਦੀ ਜ਼ਮੀਨ ਗਹਿਣੇ।
ਕਰਕੇ ਨੋਟ ਇੱਕਠੇ ਲੱਕ ਬੰਨ ਤੁਰਿਆ,
ਫੱਤੂ ਆਣ ਮਿਲਿਆ ਏਜੰਟ ਨੂੰ ਪਿੰਡ ਸਹਿਣੇ।

ਮਿਲਿਆ ਵਿਜ਼ਾ ਅਮਰੀਕਾ ਦਾ ਚਾਅ ਚੜ੍ਹਿਆ,
ਲੱਗਾ ਸੁਪਣੇ ਨਵੇਂ ਸਜਾਉਣ ਪ੍ਰਾਣੀ।
ਕਹਿਣ ਲੋਕ ਵੀ ਸਵਰਗ ਦੇ ਲਵੇ ਝੂਟੇ,
ਵਤਨੋ ਟੱਪ ਕੇ ਗਿਆ ਜੋ ਸੱਤ ਪਾਣੀ।

ਕੁੱਝ ਸਮਾਂ ਤਾਂ ਲੰਗਿਆ ਬਹੁਤ ਵਧੀਆ,
ਫਿਰ ਕੰਮਾਂ ਚ’ ਐਸਾ ਗ਼ੁਲਤਾਨ ਹੋਇਆ।
ਦਿਨ ਰਾਤ ਦੀ ਰਹੀ ਨਾ ਸੁੱਧ ਬੁੱਧ ਕੋਈ,
ਫੱਤੂ ਸਿੰਘ ਨਾ ਰੱਜ ਕੇ ਕਦੇ ਸੋਇਆ।

ਫੱਤੂ ਸਿੰਘ ਤੋ ਫਿਰ ਫ਼ਰੈਂਕ ਬਣ ਗਿਆ,
ਦਾੜ੍ਹੀ ਕੇਸ ਉਸ ਕਤਲ ਕਰਵਾ ਦਿੱਤੇ।
ਲੱਭ ਕੇ ਕਾਲੀ ਕਲੋਟੀ ਇੱਕ ਦੈਂਤ ਵਰਗੀ,
ਵਿੱਚ ‘ਰੀਨੋ’ ਦੇ ਸਵੰਬਰ ਰਚਾ ਦਿੱਤੇ।

ਸੱਤ ਸਾਲ ਫਿਰ ਖ਼ੂਨ ਚਸਵਾਉਣ ਪਿੱਛੋ,
ਆਖ਼ਰ ਕਾਰਡ ਦਾ ਰੰਗ ਗਰੀਨ ਹੋਇਆ।
ਫੱਤੂ ਸਿੰਘ ਨੇ ਲਾਈ ਨਾ ਦੇਰ ਰੱਤਾ,
ਕਾਰਡ ਮਿਲਦਿਆ ਰਨ ਤੋ ਦੂਰ ਹੋਇਆ।

ਲੈ ਕੇ ਟਿਕਟ ਵਤਨ ਦੀ ਕਰ ਗਿੱਫਟ ਕੱਠੇ,
ਫੱਤੂ ਸਿੰਘ ਪਿੰਡ ਆਪਣੇ ਆਣ ਵੜਿਆ।
ਮਿਲਕੇ ਭਾਇਆਂ,ਪਰਿਵਾਰ ਤੇ ਮਿੱਤਰਾਂ ਨੂੰ,
ਹੈ ਸੀ ਉਸ ਨੂੰ ਅੰਤਾਂ ਦਾ ਚਾਅ ਚੜਿਆ।

ਥੋੜੇ ਦਿਨਾਂ ਚ’ਟੁੱਟ ਗਿਆ ਭਰਮ ਲੋਕੋ,
ਜਾਵੇ ਫੱਤੂ ਤੋ ਪੈਰਾਂ ਤੇ ਨਾ ਖੜ੍ਹਿਆ।
ਡਾਲਰ ਰਿਹਾ ਭੇਜਦਾ ਜੋ ਲੈਣ ਖੱਤੇ,
ਉਹਦੇ ਨਾਂਮ ਨਾ ਭਰਾਵਾਂ ਨੇ ਇੱਕ ਖੜਿਆ।

ਉਲਟਾ ਦਬਕ ਕੇ ਘਰੋ ਕੱਢ ਦਿੱਤਾ,
ਦਿੱਤਾ ਸਾਥ ਨਾ ਕਿਸੇ ਪੰਚਾਇਤ ਵਾਲੇ,
ਮਿਲੀ ਢੋਈ ਕਚਾਹਿਰੀ, ਨਾ ਵਿੱਚ ਥਾਣੇ,
ਜਿਹੜਾ ਮਿਲੇ ਉਹੀਓ ਅਮਰੀਕਨ ਨੋਟ ਭਾਲੇ।

ਹੋ ਕੇ ਦੁਖ਼ੀ ਆਪਣੇ ਅਤੇ ਵਿਗਾਨਿਆਂ ਤੋਂ,
ਕਰੇ ਮਨ ਹੀੰ ਮਨ ਵਿਚਾਰ ਫੱਤੂ,
ਖੱਪਿਆ ਜਿਨ੍ਹਾਂ ਲਈ ਦੇਸ ਵਿਦੇਸ ਅੰਦਰ,
ਸਾਰੇ ਨਿਕਲਗੇ ਮਤਲਬੀ ਯਾਰ ਫੱਤੂ ।

ਮੇਰੇ ਦੇਸ ਦੇ ਵਾਰਸੋ ਹੋਸ਼ ਕਰਨਾ,
ਅਸੀਂ ਗੈਰ ਨਹੀਂ, ਨਾ ਗੈਰ ਬਣਾਓ ਸਾਨੂੰ।
ਕਰਕੇ ਕਬਜ਼ੇ ਪਲਾਟਾਂ, ਜ਼ਮੀਨਾਂ, ਕੋਠੀਆਂ ਤੇ,
ਨਾਂ ਕਚਾਹਿਰੀਆਂ ਵਿੱਚ ਲਜਾਓ ਸਾਨੂੰ ।

ਮੰਗਦੇ ਖੈਰ ਹਾਂ ਸਦਾ ਪਰਮਾਤਮਾ ਤੋਂ,
ਕਰੋ ਤੁਸੀਂ ਵੀ ਰੱਜ ਪਿਆਰ ਸਾਨੂੰ।
ਕਿੰਝ ਦੇਸ ਨੂੰ ਹੋਰ ਖ਼ੁਸ਼ਹਾਲ ਕਰੀਏ,
ਮਿਲ ਬੈਠ ਕੇ ਦਿਓ ਵਿਚਾਰ ਸਾਨੂੰ।

ਇੱਕਲੇ ਆਏ ਸੀ, ਇੱਕਲਿਆਂ ਤੁਰ ਜਾਣਾ,
ਜਾਣਾ ਕੁੱਝ ਨਾ ਕਿਸੇ ਦੇ ਨਾਲ ਵੀਰੋ,
ਲਾਲਚ ਰਿਸਤਿਆਂ ਤੋਂ ਪਿੱਛੇ ਸੁੱਟ ਦੇਵੋ,
ਫੱਤੂ ਹੋਰ ਨਾ ਰੋਵੇ ਕੋਈ ਜ਼ਾਰੋ ਜ਼ਾਰ ਵੀਰੋ।
ਫੱਤੂ ਹੋਰ ਨਾ ਰੋਵੇ ਕੋਈ ਜ਼ਾਰੋ ਜ਼ਾਰ ਵੀਰੋ।

****