ਕੱਕਰ ਕੋਰਾ ਕਹਿਰ ਦਾ, ਮਹੀਨਾ ਚੜ੍ਹਿਆ ਮਾਘ,
ਬੁੱਕਲ ਦੇ ਬਿਨ ਨਾ ਸਰੇ, ਨਾ ਸੁੱਤਿਆਂ ਨਾ ਜਾਗ।
ਦਸ ਦਸ ਦਿਨ ਧੁੰਦ ਨਾ ਮਿਟੇ, ਲੱਗੇ ਪੈਂਦੀ ਭੁਰ,
ਮੂੰਹ ਨੂੰ ਮੂੰਹ ਨਾ ਦਿਸਦਾ, ਕੀ ਦਿਸਣਾ ਹੈ ਦੂਰ।
ਮੂੰਹ ਹੱਥ ਧੋ ਕੇ ਸਾਰਦੇ, ਪੰਜ ਇਸ਼ਨਾਨੇ ਕਰਨ,
ਗੱਲ੍ਹਾਂ ਤਿੜਕਣ ਠੰਡ ਨਾ, ਹੋਰ ਕਿੰਨਾ ਕੁ ਠਰਨ।
ਰੱਬ ਰੱਬ ਆਪੇ ਹੋਂਵਦਾ, ਠਰਦਿਆਂ ਵੱਜਦੇ ਦੰਦ,
ਸੜਕਾਂ ਰੁਕ ਰੁਕ ਚੱਲਦੀਆਂ, ਆਉਣਾ ਜਾਣਾ ਬੰਦ।
ਵਿੱਛੜਦਿਆਂ ਧੁੱਪ ਘੇਰਿਆ, ਤਪਸ਼ ਜੇਠ ਤੇ ਹਾੜ੍ਹ,
ਮੁੜਦਿਆਂ ਪਾਲਾ ਪੈ ਗਿਆ, ਰੁਕ ਜਾ ਮੌਕਾ ਤਾੜ।
ਚਾਰੇ ਕੁੰਟਾ ਗਾਹੀਆਂ, ਚੱਲ ਮੁੜ ਚੱਲੀਏ ਦਰਬਾਰ,
ਗਲਵਕੜੀ ਸ਼ਹੁ ਦੀ ਮਿਲੇ, ਸਭ ਕੁਝ ਦੇਈਏ ਹਾਰ॥
****