ਪੰਜਾਬੀ......... ਗੀਤ / ਗੁਰਪ੍ਰੀਤ ਮਠਾੜੂ

ਮਿੱਠੀ ਮਿੱਠੀ ਬੋਲੀ  ਜੀਹਦੀ  ਟੌਹਰ ਏ ਨਵਾਬੀ,
ਪਾਪਾ ਮੈਂ ਵੀ ਚਾਹੁੰਨਾ ਹੁਣ  ਸਿੱਖਣੀ ਪੰਜਾਬੀ।

ਪੈਂਤੀ  ਅੱਖਰਾਂ  ਨੂੰ ਪਹਿਲਾਂ ਤਾਂ ਮੈਂ ਯਾਦ ਕਰਨਾ,
ਫੇਰ  ਲਗਾਂ  ਮਾਤਰਾਂਵਾਂ  ਦਾ  ਹਿਸਾਬ   ਕਰਨਾ,
ਸਦਾ ਰੱਖੂੰਗਾ ਧਿਆਨ  ਕਿਤੇ ਹੋ ਜੇ ਨਾ ਖਰਾਬੀ,
ਪਾਪਾ ਮੈਂ  ਵੀ  ਚਾਹੁੰਨਾ ਹੁਣ  ਸਿੱਖਣੀ ਪੰਜਾਬੀ।

ਜਿਹੜੇ  ਗ੍ਰੰਥ  ਵਿਚ  ਗੁਰੂਆਂ  ਨੇ ਦਿੱਤੇ ਉਪਦੇਸ਼,
ਸੰਤਾਂ  ਸੂਫੀਆਂ  ਤੇ  ਭਗਤਾਂ ਵੀ ਦਿੱਤੇ ਨੇ ਸੰਦੇਸ਼,
“ਗੁਰੁ ਗ੍ਰੰਥ ਸਾਹਿਬ” ਪੜੂੰ, ਗੁਰਮੁਖੀ ਜਦੋਂ ਆਗੀ,
ਪਾਪਾ ਮੈਂ  ਵੀ  ਚਾਹੁੰਨਾ ਹੁਣ  ਸਿੱਖਣੀ ਪੰਜਾਬੀ।

ਆਪਾਂ  ਤਾਂ  ਪੰਜਾਬ ਕੋਲੋਂ ਬਹੁਤ ਦੂਰ ਰਹਿੰਨੇ ਆਂ,
ਅਸੀ  ਹਾਂ  ਪੰਜਾਬੀ ਬੜੇ ਮਾਣ ਨਾਲ ਕਹਿੰਨੇ ਆਂ,
ਮਾਂ-ਬੋਲੀ  ਬਾਝੋਂ  ਆਪਾਂ  ਕਾਹਦੇ   ਆਂ ਪੰਜਾਬੀ,
ਪਾਪਾ ਮੈਂ  ਵੀ  ਚਾਹੁੰਨਾ ਹੁਣ  ਸਿੱਖਣੀ ਪੰਜਾਬੀ।

“ਪ੍ਰੀਤ” ਅੰਕਲ ਨੇ ਮੈਨੂੰ ਤਾਂ ਪੰਜਾਬੀ ਹੈ ਸਿਖਾਣੀ,
ਲਿਖ ਅਪਣੇ ਹੱਥੀਂ ਮੈਂ ਪਿੰਡ ਚਿੱਠੀ ਇੱਕ ਪਾਣੀ,
ਪੜ੍ਹ  ਫੁੱਲੇ  ਨਾ  ਸਮਾਵਣਗੇ  ਦਾਦਾ ਅਤੇ ਦਾਦੀ,
ਪਾਪਾ ਮੈਂ  ਵੀ  ਚਾਹੁੰਨਾ ਹੁਣ  ਸਿੱਖਣੀ ਪੰਜਾਬੀ।

****