ਅਧੂਰੇ ਰਹਿ ਗਏ ਚਾਵਾਂ ਨੂੰ.......... ਗ਼ਜ਼ਲ / ਜਸਵਿੰਦਰ

ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ਼ ਛੱਡਾਂਗੇ
ਭਰੇ ਮੇਲੇ ਨੂੰ ਜਦ ਛੱਡਿਆ ਸਲੀਕੇ ਨਾਲ਼ ਛੱਡਾਂਗੇ

ਤੇਰਾ ਐ ਜਿ਼ੰਦਗੀ ਐਵੇਂ ਨਹੀਂ ਜੰਜਾਲ਼ ਛੱਡਾਂਗੇ
ਜਿਗਰ ਦੀ ਅੱਗ ਵਿਚ ਕੋਈ ਕੜੀ ਤਾਂ ਢਾਲ਼ ਛੱਡਾਂਗੇ

ਤੁਸੀਂ ਤਾਂ ਮੁਕਤ ਹੋ ਯਾਰੋ ਪਰਿੰਦਿਓ ਖੁੱਲ੍ਹ ਕੇ ਉੱਡੋ

ਅਸੀਂ ਇਸ ਡੋਲਦੇ ਅਸਮਾਨ ਨੂੰ ਸੰਭਾਲ਼ ਛੱਡਾਂਗੇ

ਅਸਾਡੇ ਅਕਸ ਇਹ ਖੰਡਿਤ ਕਰੇ ਜਦ ਰੂਬਰੂ ਹੋਈਏ
ਤੇਰੇ ਸ਼ੀਸ਼ੇ ਦੇ ਪਾਣੀ ਨੂੰ ਅਸੀਂ ਹੰਘਾਲ਼ ਛੱਡਾਂਗੇ

ਅਜੇ ਵੀ ਇਸ਼ਕ ਦੀ ਸਿ਼ੱਦਤ ਲਹੂ ਅੰਦਰ ਸਲਾਮਤ ਹੈ
ਗਵਾਚੀ ਪੈੜ ਡਾਚੀ ਦੀ ਥਲਾਂ 'ਚੋਂ ਭਾਲ਼ ਛੱਡਾਂਗੇ

ਅਜੇ ਫ਼ਰਜ਼ਾਂ ਦੇ ਅਲਜਬਰੇ 'ਚ ਉਲ਼ਝੇ ਹਾਂ ਬੁਰੇ ਹਾਲੀਂ
ਮਿਲੀ ਜੇ ਵਿਹਲ ਆਪਾਂ ਵੀ ਕਬੂਤਰ ਪਾਲ਼ ਛੱਡਾਂਗੇ