ਦੁਨੀਆ ਰੰਗ ਬਿਰੰਗੀ ਵੇਖੀ
ਮਾੜੀ ਵੇਖੀ ਚੰਗੀ ਵੇਖੀ।
ਹੱਸਦੀ ਨੱਚਦੀ ਟੱਪਦੀ ਵੇਖੀ
ਸੂਲੀ ਉਤੇ ਟੰਗੀ ਵੇਖੀ।
ਮੌਤ ਦਾ ਤਾਂਡਵ ਨੱਚਦੀ ਵੇਖੀ
ਆਪਣੇ ਖੂਨ ਚ ਰੰਗੀ ਵੇਖੀ।
ਰੰਗ ਬਿਰੰਗੇ ਕੱਪੜੇ ਪਾਏਫਿਰ ਵੀ ਅੰਦਰੋ ਨੰਗੀ ਵੇਖੀ।
ਚੋਰਾਂ ਕੋਲੋ ਬਚਦੀ ਵੇਖੀ
ਸਾਧਾਂ ਹੱਥੋ ਡੰਗੀ ਵੇਖੀ।
ਲੂਬੰੜ ਚਾਲਾਂ ਚਲਦੀ ਵੇਖੀ
ਸਿੱਧੀ ਅਤੇ ਬੇਢੰਗੀ ਵੇਖੀ।
ਸ਼ਾਹਾਂ ਵਾਂਗ ਅਮੀਰੀ ਵੇਖੀ
ਫੱਕਰਾਂ ਵਾਂਗ ਮਲੰਗੀ ਵੇਖੀ।
ਪੁਰੇਵਾਲ ਨੇ ਕਈ ਕੁਝ ਵੇਖਿਆ
ਭੁੱਖ ਗਰੀਬੀ ਤੰਗੀ ਵੇਖੀ।