ਪੰਜਾਬੀਓ ! ਪੰਜਾਬੀ ਮਾਂ ਦਾ ਕਰੋ ਸਤਿਕਾਰ ।
ਮਾਂ ਬੋਲੀ ਵਿਚੋਂ ਹੁੰਦਾ ਰੱਬ ਦਾ ਦੀਦਾਰ ।
ਮਾਂ ਧਰਤੀ ਦੀ ਮਿੱਟੀ , ਚੁੰਮ ਮੱਥੇ ਲਾਈਦੀ।
ਅੰਨ ਖਾ ਕੇ ਧਰਤੀ ਦਾ, ਭੁੱਖ ਹੈ ਮਿਟਾਈਦੀ।
ਪੰਜਾਬੀ ਸਾਡੀ ਮਾਂ , ਅਸੀਂ ਇਹਦਾ ਪਰਵਾਰ,
ਮਾਂ ਬੋਲੀ ਵਿਚੋਂ ਹੁੰਦਾ ਰੱਬ ਦਾ ਦੀਦਾਰ ;
ਪੰਜਾਬੀਓ ! ਪੰਜਾਬੀ ਮਾਂ ਦਾ ਕਰੋ ਸਤਿਕਾਰ।
ਗੋਦੀ ਵਿਚ ਮਾਂ ਸਾਡੀ, ਦੇਂਦੀ ਰਹੀ ਲੋਰੀਆਂ।
ਛਿੱਲ-ਛਿੱਲ ਦੇਵੇ ਸਾਨੂੰ ਗੰਨੇ ਦੀਆਂ ਪੋਰੀਆਂ।
ਸ਼ਹਿਦ ਨਾਲੋਂ ਮਿੱਠਾ ਲੋਕੋ ਮਾਂ ਦਾ ਪਿਆਰ ,
ਮਾਂ ਬੋਲੀ ਵਿਚੋਂ ਹੁੰਦਾ ਰੱਬ ਦਾ ਦੀਦਾਰ ;
ਪੰਜਾਬੀਓ ! ਪੰਜਾਬੀ ਮਾਂ ਦਾ ਕਰੋ ਸਤਿਕਾਰ।
ਜਿਹੜੇ ਲੋਕ ਆਪਣੀ ਹੀ ਬੋਲੀ ਭੁੱਲ ਜਾਣਗੇ।
ਕੂੜੇ ਦਿਆਂ ਕੱਖਾਂ ਵਾਂਗ ਆਪੇ ਰੁਲ ਜਾਣਗੇ।
ਉਹ ਸਾਰੇ ਜੱਗ ਵਿਚ ਹੋਣੇ ਖ਼ੱਜਲ ਖੁਆਰ ,
ਮਾਂ ਬੋਲੀ ਵਿਚੋਂ ਹੁੰਦਾ ਰੱਬ ਦਾ ਦੀਦਾਰ ;
ਪੰਜਾਬੀਓ ! ਪੰਜਾਬੀ ਮਾਂ ਦਾ ਕਰੋ ਸਤਿਕਾਰ।
ਜੰਮ-ਜੰਮ ਸਿੱਖੋ ਭਾਵੇਂ ਤੁਸੀਂ ਹੋਰ ਬੋਲੀਆਂ।
ਮਾਂ ਬੋਲੀ ਨੇ ਹੀ ਅੱਖਾਂ ਸੱਭ ਦੀਆਂ ਖ੍ਹੋਲੀਆਂ।
ਅੱਜ ਸਾਰੇ ਸੁਣ ਲਵੋ , "ਸੁਹਲ" ਦੀ ਪੁਕਾਰ ,
ਪੰਜਾਬੀਓ ! ਪੰਜਾਬੀ ਮਾਂ ਦਾ ਕਰੋ ਸਤਿਕਾਰ ।
ਮਾਂ ਬੋਲੀ ਵਿਚੋਂ ਹੁੰਦਾ ਰੱਬ ਦਾ ਦੀਦਾਰ ।