ਹਾਂਗ ਕਾਂਗ ਦਾ ਵੀਜ਼ਾ.......... ਕਾਵਿ ਵਿਅੰਗ / ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ


ਮੁੰਡਾ ਆ ਗਿਆ ਹਾਂਗ ਕਾਂਗ ਵਿੱਚ, ਹੱਥੋਂ ਗਈ ਜ਼ਮੀਨ
ਏਥੇ ਓਹਨੂੰ ਕੰਮ ਨਾ ਲੱਭਦਾ, ਫਿਰਦਾ ਵਾਂਗ ਮਸ਼ੀਨ

ਰੋਟੀ ਗੁਰਦਵਾਰਿਓਂ ਖਾ ਕੇ, ਸੌਂਦਾ ਪੁਲਾਂ ਦੇ ਥੱਲੇ
ਅੰਗ ਸਾਕ ਬਾਤ ਨਾਂ ਪੁਛਦਾ, ਗੁਰੂ ਘਰ ਨਾ ਹੁਣ ਝੱਲੇ

ਨਵੀਂ ਵਿਆਹੀ ਵਹੁਟੀ ਵਾਂਗੂੰ, ਚਿੱਤ ਨਾ ਉਸਦਾ ਲੱਗੇ
ਸੋਚਦਾ ਕੋਈ ਮਿਲੇ ਬਹਾਨਾ, ਹਾਂਗ ਕਾਂਗ ‘ਚੋਂ ਭੱਜੇ

ਅੱਗੇ ਖੂਹ ਪਿੱਛੇ ਹੈ ਖਾਤਾ, ਪਿਓ ਨੂੰ ਕਰਦਾ ਕਾਲ
ਯੂ ਐਨ ਓ ਲੁਆ ਕੇ ਵੀ ਬੁਰਾ ਹੈ ਮੇਰਾ ਹਾਲ

ਮੁੜ ਮੁੜ ਮਾਂ ਚੇਤੇ ਆਂਦੀ, ਹੁੰਦਾ ਨਹੀਂ ਕੰਟਰੋਲ
ਮੈਨੂੰ ਪਿੰਡ ਬੁਲਾ ਲੈ ਬਾਪੂ, ਲੋਕੀਂ ਕਰਨ ਮਖੌਲ

ਨੌ ਸੌ ਮਿਲਦਾ ਰਾਸ਼ਨ ਦਾ, ਡਾਲਾ ਹਜ਼ਾਰ ਵਾਸਤੇ ਘਰ
ਟਿਕਟ ਜੋਗੇ ਮੈਨੂੰ ਪੈਸੇ ਭੇਜਦੇ, ਕਿਤੇ ਮੈਂ ਨਾ ਜਾਂਵਾ ਮਰ

ਪੁੱਤ ਨੂੰ ਪਿਓ ਸਮਝਾ ਰਿਹਾ, ਤੂੰ ਕਰਤਾ ਕੱਖੋ ਹੌਲੇ
ਅੱਧੀ ਵਿਕੀ ਜ਼ਮੀਨ ਦੇਖਕੇ, ਦਿਲ ਖਾਂਦਾ ਹਟਕੋਲੇ

ਸੋਨਾ ਚਾਂਦੀ ਵਿਕ ਗਿਆ, ਉਮਰ ਭਰ ਦੀ ਕੁਰਬਾਨੀ
ਮੈਨੂੰ ਵਿਕੇ ਖੇਤ ਨਾ ਭੁੱਲਦੇ, ਵਢੇਰਿਆਂ ਦੀ ਨਿਸ਼ਾਨੀ

ਸੁਫਨੇ ਵਿੱਚ ਵੀ ਚੇਤੇ ਆਉਂਦੀ, ਵੇਚੀ ਮੋਟਰ ਪਿੱਪਲ ਵਾਲੀ
ਮੇਰਾ ਦਿਲ ਪਿਆ ਹੈ ਖੇਤਾਂ ਵਿੱਚ, ਜਿੱਥੇ ਹੁੰਦਾ ਸੀ ਹਾਲੀ

ਮੇਰੇ ਵੱਲੋ ਹਾਂਗ ਕਾਂਗ ‘ਚ ਮਰਜਾ, ਪਿੰਡ ਨਾ ਮੂੰਹ ਦਿਖਾਵੀਂ
ਤੇਰੇ ਕਰਕੇ ਬਣੀ ਹੈ ਇੱਜ਼ਤ, ਆ ਕੇ ਹੋਰ ਨਾ ਚੰਦ ਚੜਾਵੀਂ

ਯਾਰ ਨੂੰ ਭਜਦਾ ਦੇਖਕੇ ਆੜੀ, ਖਿੱਚ ਕੇ ਲੈ ਗਏ ਬਾਰ
ਕਹਿੰਦੇ ਭਾਲ ਲੈ ਚੀਨਣ ਕੋਈ, ਜੇ ਭਉਜਲ ਕਰਨਾ ਪਾਰ

ਮਾਂ ਹਾਣ ਦੀ ਚੀਨਣ ਭਾਲਕੇ, ਵਿਆਹ ਕਰਵਾ ਲਿਆ ਝੱਟ
ਗੁਰਦਵਾਰਿਓਂ ਹੁਣ ਕੀ ਲੈਣਾ, ਸੋਚਕੇ ਆਉਂਦਾ ਘੱਟ

ਲੈਕੇ ਹਾਂਗ ਕਾਂਗ ਦਾ ਆਈ ਡੀ, ਕਰੇ ਡਿਲੀਵਰੀ ਪੀਜ਼ਾ
ਚੀਨਣ ਨੂੰ ਫਰੀ ਹੈਲਪਰ ਮਿਲ ਗਿਆ, ਦੇਵ’ ਨੂੰ ਮਿਲ ਗਿਆ ਵੀਜ਼ਾ।

****