ਮਜਬੂਰੀ.......... ਨਜ਼ਮ/ਕਵਿਤਾ / ਬਲਜਿੰਦਰ ਕੌਰ

ਮਨ ਬਹੁਤ ਉਦਾਸ ਸੀ
ਘਰ ਦੀ ਛੱਤ ਤੇ ਖੜ੍ਹੀ
ਮੈਂ ਆਕਾਸ਼ ਵੱਲ ਤੱਕ ਰਹੀ ਸੀ
ਅਚਾਨਕ ਇੱਕ ਤਾਰਾ ਟੁੱਟਿਆ
ਮੈਂ ਅੱਖਾਂ ਬੰਦ ਕਰ

ਹੱਥ ਅੱਗੇ ਕਰ ਲਿਆ
ਕੁਝ ਮੰਗਣ ਲਈ.......

ਉਹ ਮੇਰੇ ਵੱਲ ਵੇਖ ਕੇ ਹੱਸਿਆ
ਤੇ ਆਖਣ ਲੱਗਾ
ਮੈਂ ਤੈਨੂੰ ਕੀ ਦੇ ਸਕਦਾ ਹਾਂ ?
ਮੈਂ ਤਾਂ ਆਪ ਟੁੱਟਿਆ ਹੋਇਆ ਹਾਂ..
ਤੇਰੇ ਕੋਲ ਤਾਂ ਬਹੁਤ ਕੁਝ ਹੈ,
ਸਭ ਕੁਝ ਹੈ ਤੇਰੇ ਕੋਲ ਤਾਂ....
ਕੀ ਤੂੰ ਮੈਨੂੰ
ਇੱਕ ਰਾਤ ਲਈ ਆਪਣੇ ਘਰ
ਵਿੱਚ ਪਨਾਹ ਦੇ ਸਕਦੀ ਹੈ ?
ਮੈਂ ਕੰਬ ਗਈ
ਅੱਖਾਂ ਖੁੱਲਦੇ ਹੀ ਮੇਰਾ ਹੱਥ ਪਿੱਛੇ ਸਰਕ ਗਿਆ...

ਤਾਰਾ ਪਤਾ ਨਹੀ ਕਿੱਥੇ ਗੁਆਚ ਗਿਆ ਸੀ।
ਅੱਜ ਵੀ ਜਦੋਂ ਉਦਾਸ ਹੁੰਦੀ ਹਾਂ
ਛੱਤ ਤੇ ਖੜ੍ਹ ਤਾਰਿਆਂ ਵੱਲ ਤਕਦੀ ਹਾਂ
ਉਸੇ ਤਾਰੇ ਨੂੰ ਲੱਭਦੀ ਹਾਂ,
ਆਪਣੇ ਹਿੱਸੇ ਦੀ ਮਜਬੂਰੀ ਦੱਸਣ ਲਈ।
ਕਿ ਤੂੰ ਤਾਂ ਟੁੱਟ ਕੇ ਵੀ
ਪੂਰੇ ਬ੍ਰਹਿਮੰਡ ਵਿੱਚ ਕਿਤੇ ਵੀ ਸਮਾ ਸਕਦਾ ਹੈਂ
ਪਰ ਮੈਂ
ਪੂਰੇ ਬ੍ਰਹਿਮੰਡ ਨੂੰ ਸਿਰਜਣ ਦੀ ਸਮੱਰਥਾ ਪਾ ਕੇ ਵੀ
ਇਸ ਦੇ ਕਿਸੇ ਕੋਨੇ ਨੂੰ
ਆਪਣਾ ਨਹੀਂ ਕਹਿ ਸਕਦੀ।
ਮੈਂ ਤੈਨੂੰ
ਆਪਣੇ ਘਰ ਇੱਕ ਰਾਤ ਲਈ ਪਨਾਹ ਨਹੀਂ ਦੇ ਸਕਦੀ
ਕਿਉਂਕਿ ਮੇਰਾ ਕੋਈ ਆਪਣਾ ਘਰ ਨਹੀਂ ਹੈ
ਇਹੀ ਮੇਰੀ ਆਪਣੇ ਹਿੱਸੇ ਦੀ ਮਜਬੂਰੀ ਹੈ........