ਯਾਦ ਤੇਰੀ.......... ਨਜ਼ਮ/ਕਵਿਤਾ / ਹਰਮੇਲ ਪਰੀਤ

ਯਾਦ ਜਿਸਨੂੰ ਕਰਕੇ ਨੀਰ ਨੈਣਾਂ 'ਚੋਂ ਵਹਾਉਂਦਾ ਰਿਹਾ।
ਮੇਰੀ ਤਬਾਹੀ ਦੇ ਜਸ਼ਨ, ਓਹੀ ਮਨਾਉਂਦਾ ਰਿਹਾ।

ਤੁਰ ਸੀ ਗਿਆ ਛੱਡਕੇ ਅਸਾਂ ਨੂੰ ਬੇਵਫਾ ਉਹ ਨਿਕਲਿਆ,
ਮੈਂ ਪਰ ਸਦਾ ਉਸਨੂੰ ਤੁਹਮਤਾਂ ਤੋਂ ਬਚਾਉਂਦਾ ਰਿਹਾ।

ਨਾ ਆਇਆ ਨਾ ਆਉਣਾ, ਸੀ ਯਾਰ ਹੁੰਘਾਰਾ ਕੁਈ
ਹਾਲ ਦਿਲ ਦਾ ਦੀਵਾਰ ਤਾਈਂ ਸਾਂ ਸੁਣਾਉਂਦਾ ਰਿਹਾ।

ਮੇਰੇ ਸਿਰ ਸਵਾਰ ਇਸ਼ਕੇ ਦਾ ਝੱਲ ਸੀ ਜੋ ਇਸ ਤਰ੍ਹਾਂ,
ਉਹਦੇ ਲਈ ਦਰ ਦਰ ਅਲਖ਼, ਯਾਰੋ ਜਗਾਉਂਦਾ ਰਿਹਾ।


ਅੰਦਰ ਸੁਲਘਦੀ ਅਗਨ ਬਿਰਹਾ ਦੀ ਰਹੀ, ਤਨ-ਮਨ ਜਲਾ,
ਉਤਲੇ ਮਨੋਂ ਮੈਂ ਫੇਰ ਵੀ, ਹਾਂ ਮੁਸਕਰਾਉਂਦਾ ਰਿਹਾ।

ਨਾ ਲਾਇਆ ਪਲ ਵੀ ਹਵਾ, ਨੇ ਆਲ੍ਹਣਾ, ਢੇਰੀ ਕਰਤਾ,
ਪੰਛੀ ਵਿਚਾਰਾ ਰੀਝ ਲਾ ਕੇ ਜੋ ਬਣਾਉਂਦਾ ਰਿਹਾ।

ਹਰਮੇਲ ਪਲ-ਪਲ ਜ਼ਿੰਦਗੀ, ਸੀ ਮਾਰਦੀ ਮੈਨੂੰ ਰਹੀ,
ਇਕ ਯਾਦ ਤੇਰੀ ਦੇ ਸਹਾਰੇ ਮੈਂ ਤਾਂ ਜਿਉਂਦਾ ਰਿਹਾ।

****