ਕੁੱਖ ਦੇ ਵਿੱਚ ਨਾ ਮਾਰ……… ਨਜ਼ਮ/ਕਵਿਤਾ / ਗੁਰਪ੍ਰੀਤ ਸਿੰਘ ਤੰਗੋਰੀ

ਮੈਨੂੰ ਕੁੱਖ ਦੇ ਵਿੱਚ ਨਾ ਮਾਰ ਨੀ ਮਾਏ ਮੇਰੀਏ,
ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ।

ਦੱਸ ਇੱਡਾਂ ਕਿਉਂ ਕਹਿਰ ਕਮਾਵਏ ਤੂੰ,
ਹੋ ਕੇ ਔਰਤ ਖੁਦ ਔਰਤ ਨੂੰ ਮਾਰ ਮੁਕਾਵੇਂ ਤੂੰ।
ਪੜ-ਲਿਖ ਕੇ ਵੀ ਬਣਦੀ ਏਂ, ਕਿਉਂ ਗਵਾਰ ਨੀ ਮਾਏਂ ਮੇਰੀਏ।

ਧੀਆਂ ਪੁੱਤਰਾਂ ਨਾਲੋਂ ਵੱਧ ਸੇਵਾ, ਮਾਂ ਪਿਓ ਦੀ ਕਰਦੀਆਂ ਨੇ,
ਛੱਡੇ ਜਾਂਦੇ ਜਦੋਂ ਸਾਰੇ ਰਿਸ਼ਤੇ ਉਦੋਂ ਧੀਆਂ ਹੀ ਬਾਂਹ ਫੜਦੀਆਂ ਨੇ।
ਇਸ ਗੱਲ ਤੇ ਕਰੀਂ ਜਰਾ, ਸੋਚ ਵਿਚਾਰ ਨੀ ਮਾਏ ਮੇਰੀਏ ਨੀ।


ਪਤਾ ਹੈ ਮੈਨੂੰ ਜੇਕਰ ਜਨਮ ਤੂੰ ਦਿੱਤਾ, ਤੈਨੂੰ ਲੋਕੀਂ ਮਾੜਾ ਕਹਿਣਗੇ,
ਜੰਮ ਦਿੱਤਾ ਇੱਕ ਹੋਰ ਪੱਥਰ, ਮੇਰੀ ਦਾਦੀ ਦੇ ਵੀ ਤਾਹਨੇ ਸਹਿਣੇ ਪੈਣਗੇ।
ਪਰ ਖੜ ਜਾਂਵੀਂ ਤੂੰ ਵੀ ਅੜਕੇ, ਐਂਵੇ ਮੰਨੀ ਨਾ ਤੂੰ ਹਾਰ ਨੀ ਮਾਏ ਮੇਰੀਏ।

ਇਹ ਡਾਕਟਰ ਰੱਬ ਦਾ ਰੂਪ ਦੂਜਾ ਅਖਵਾਉਂਦੇ ਨੇ,
ਲੈ ਕੇ ਚੰਦ ਪੈਸੇ ਵਿੱਚ ਕੁੱਖ ਦੇ ਕਿਉਂ ਸਾਨੂੰ ਮਾਰ ਮੁਕਾਉਂਦੇ ਨੇ।
ਇਨਾਂ ਲਈ ਵੀ ਪੈਣਾ ਬਣਨਾਂ ਤੈਨੂੰ ਤਿੱਖੀ ਤੇਜ ਕਟਾਰ ਨੀ ਮਾਏ ਮੇਰੀਏ।

ਲਿਖਣ ਨੂੰ ਤਾਂ ਲਿਖੀ ਜਾਂਦੇ ਤੰਗੋਰੀ ਵਰਗੇ, ਪਰ ਲਿਖਣ ਨਾਲ ਨਈਂ ਕੁਝ ਬਣਨਾਂ,
ਮੁੜ ਬਣਕੇ ਤੈਨੂੰ ਦੁਰਗਾ ਵਾਗੂੰ ਜ਼ਾਲਮਾਂ ਅੱਗੇ ਪੈਣਾ ਖੜਨਾਂ।
ਉੱਜੜ ਜਾਊਗੀ ਵਰਨਾਂ, ਆਉਣ ਤੋਂ ਪਹਿਲਾਂ ਬਹਾਰ ਨੀ ਮਾਏ ਮੇਰੀਏ।

ਮੈਨੂੰ ਕੁੱਖ ਦੇ ਵਿੱਚ ਨਾ ਮਾਰ ਨੀ ਮਾਏ ਮੇਰੀਏ,
ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ।

****