ਧੀ ਨਹੀ ਵਿਚਾਰੀ……… ਗੀਤ ਮਲਕੀਅਤ ਸੁਹਲ

ਧੀ ਨਹੀ ਵਿਚਾਰੀ ਇਹ  ਹੈ ਫੁੱਲਾਂ ਦੀ ਪਟਾਰੀ।
ਇਹ ਮਾਪਿਆਂ ਦੇ ਘਰੋਂ ਮਾਰ ਜਾਂਦੀ ਹੈ ਉਡਾਰੀ।
               
ਗੋਦੀ ਮਾਂ ਦਾ ਨਿੱਘ, ਕਦੇ ਮਾਣਦੀ  ਸੀ  ਰੱਜ।
ਬਾਪੂ 'ਵਾਜ ਮਾਰੇ, ਦੌੜੀ  ਆਵੇ  ਭੱਜ  ਭੱਜ ।
ਉਹ ਮਲੋ-ਮਲੀ ਗੋਦੀ ਵਿਚ  ਬੈਠੀ ਹਰ ਵਾਰੀ,
ਧੀ ਨਹੀ ਵਿਚਾਰੀ ਇਹ ਹੈ  ਫੁੱਲਾਂ ਦੀ ਪਟਾਰੀ।

               
ਬਚਪਨ ਯਾਦ ਆਵੇ, ਉਹਨੂੰ ਘਰ  ਆਪਣੇ ਦਾ।
ਭਲਾ ਮੰਗਦੀ ਹੈ ਸਦਾ  ਸੋਹਣੇ ਵਰ ਆਪਣੇ ਦਾ।
ਤੁਰ ਗਈ ਉਹ ਸਹੁਰੇ ਘਰ  ਸ਼੍ਹਾਲੂ ‘ਚ ਸ਼ਿੰਗਾਰੀ,
ਧੀ ਨਹੀ ਵਿਚਾਰੀ  ਇਹ ਹੈ  ਫੁੱਲਾਂ ਦੀ ਪਟਾਰੀ।

ਯਾਦਾਂ ਦੀ ਪਟਾਰੀ ਅੱਜ ਕਿਉਂ  ਟੁੱਟ  ਗਈ ਏ।
ਮਾਣ ਸਤਿਕਾਰ ਦੀ  ਅਵਾਜ਼ ਘੁੱਟੀ  ਗਈ  ਏ।
ਆਏ ਸੁਪਨਾ ਕੁੱਲਹਿਣਾ ਚਲੀ ਦਿਲ ਉਤੇ ਆਰੀ,
ਧੀ ਨਹੀ ਵਿਚਾਰੀ  ਇਹ ਹੈ ਫੁੱਲਾਂ  ਦੀ ਪਟਾਰੀ।
               
ਬਾਪੂ ਦਾ ਸੀ ਡਰ  ਅਤੇ  ਮਾਂ ਦੀਆਂ  ਝਿੱੜਕਾਂ।
ਅਮ੍ਰਿਤ  ਵੇਲੇ  ਉੱਠ   ਦੁੱਧ  ਨਿੱਤ  ਰਿੱੜਕਾਂ।
ਘਰ ਦਿਆਂ  ਕੰਮਾ ਵਿਚ, ਥੱਕੀ ਨਾ  ਮੈਂ ਹਾਰੀ,
ਧੀ ਨਹੀਂ ਵਿਚਾਰੀ  ਇਹ ਹੈ ਫੁੱਲਾ ਦੀ  ਪਟਾਰੀ।
               
ਬੁੱਢੇ ਬਾਪੂ ਤੇ ਮਾਣ, ਜਿਹਦੀ ਪਿੰਡ ਵਿਚ ਸ਼ਾਨ।
ਮਾਂ  ਮਰ  ਗਈ  ਜੋ ਸੀ , ਮੇਰੀ  ਜਿੰਦ ਜਾਨ।
ਗਿੱਧੇ  ਵਿਚ  ਮੇਰੀ  ਸਦਾ   ਰਹੀ   ਸਰਦਾਰੀ,
ਧੀ ਨਹੀ  ਵਿਚਾਰੀ ਇਹ ਹੈ ਫੁੱਲਾਂ ਦੀ ਪਟਾਰੀ।

ਮੈਂ ਹੋ ਗਈ  ਬਿਗਾਨੀ ਮੇਰਾ  ਮਾਣ ਤਾਣ ਮੁੱਕਾ।
"ਸੁਹਲ" ਜਿਹਾ ਫੁੱਲ ਅੱਜ  ਪਾਣੀ ਬਾਝੋਂ  ਸੁੱਕਾ।
ਮੈਂ ਪਾਵਾਂ ਰੱਜ ਪਾਣੀ,ਮਹਿਕੇ ਫੁੱਲਾਂ ਦੀ ਕਿਆਰੀ,
ਧੀ ਨਹੀ ਵਿਚਾਰੀ  ਇਹ ਹੈ  ਫੁੱਲਾਂ ਦੀ ਪਟਾਰੀ।
ਇਹ ਮਾਪਿਆਂ ਦੇ ਘਰੋਂ  ਮਾਰ ਜਾਂਦੀ ਹੈ ਉਡਾਰੀ।

****