ਸਰਵਣ ਪੁੱਤ……… ਗੀਤ / ਬਲਵਿੰਦਰ ਸਿੰਘ ਮੋਹੀ

ਗੀਤ ਜਿੰਨਾ ਦੇ ਸੁਣਕੇ ਅੱਜ ਵੀ ਦਿਲ ਨਾ ਭਰਦੇ ਨੇ,
ਸਰਵਣ ਪੁੱਤ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਗੁਰਦਾਸ ਜਿਹੇ ਮਾਂ-ਬੋਲੀ ਦੇ ਪੁੱਤ ਲਾਇਕ ਲੱਭਦੇ ਨਾ,
ਕੁੱਲ ਦੁਨੀਆਂ ਵਿੱਚ ਇਹਦੇ ਵਰਗੇ ਗਾਇਕ ਲੱਭਦੇ ਨਾ,
ਗ਼ੈਰਤ,ਅਣਖ ਜੋ ਗੀਤਾਂ ਵਿੱਚ ਨਾ ਗਹਿਣੇ ਧਰਦੇ ਨੇ,
ਸਰਵਣ ਪੁੱਤ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਕਹਿਣ ਸੁਰਿੰਦਰ ਕੌਰ ਨੂੰ ਸਭ ਕੋਇਲ ਪੰਜਾਬ ਦੀ,
ਬੋਲ ਨਰਿੰਦਰ ਬੀਬਾ ਦੇ ਜਿਉਂ ਮਹਿਕ ਗੁਲਾਬ ਦੀ,
ਗੀਤ ਇਹਨਾਂ ਦੇ ਪੌਣਾਂ ਦੇ ਵਿੱਚ ਖੁਸ਼ਬੂ ਭਰਦੇ ਨੇ,
ਸਰਵਣ ਪੁੱਤ ਜੋ ਮਾਂ-ਬੋਲੀ ਦੀ ਸੇਵਾ ਕਰਦੇ ਨੇ।


ਸਦੀਕ ਅਤੇ ਰਣਜੀਤ ਕੌਰ ਜਦ ‘ਖਾੜਾ ਲਾਉਂਦੇ ਨੇ,
ਸੱਭਿਆਚਾਰ ਪੰਜਾਬੀ ਗੀਤਾਂ ਵਿੱਚ ਦਿਖਾਉਂਦੇ ਨੇ,
ਦੱਸ ਦਿੰਦੇ ਨੇ ਅਮਲੀ ਕਿਉਂ ਜਰਦੇ ਬਿਨ ਮਰਦੇ ਨੇ,
ਸਰਵਣ ਪੁੱਤ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਲੋਕ-ਗਾਥਾਵਾਂ ਕਲੀਆਂ ਕਿੱਸੇ ਮਾਣਕ ਗਾੳਂੁਦਾ ਹੈ,
ਅੱਜ ਬਾਦਸ਼ਾਹ ਕਲੀਆਂ ਦਾ ਜੱਗ ਤੋਂ ਅਖਵਾੳਂੁਦਾ ਹੈ,
ਸੁਣਨ ਵਾਸਤੇ ਜਿਸਨੂੰ ਹੁਣ ਵੀ ਮੇਲੇ ਭਰਦੇ ਨੇ,
ਸਰਵਣ ਪੁੱਤ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਯਮਲੇ ਜੱਟ ਦੀ ਤੂੰਬੀ ਹੁਣ ਵੀ ਦਿਲ ਵਿੱਚ ਵੱਜਦੀ ਏ,
ਗੀਤ ਉਸਦੇ ਸੁਣ-ਸੁਣ ਅੱਜ ਵੀ ਰੂਹ ਨਾ ਰੱਜਦੀ ਏ,
ਗਾਇਕੀ ਦੇ ਇਸ ਬੋਹੜ ਨੂੰ ਸਾਰੇ ਸਿਜਦਾ ਕਰਦੇ ਨੇ,
ਸਰਵਣ ਪੁੱਤ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਢਾਡੀ ਸ਼ੌਂਕੀ ਅਮਰ ਸਿੰਘ ਦੀਆਂ ਵਾਰਾਂ ਦੇ ਸਦਕੇ,
ਗਾਉਣ ਕਲਾ ਦੇ ਉੱਚੇ-ਸੁੱਚੇ ਮਿਆਰਾਂ ਦੇ ਸਦਕੇ,
ਬੋਲ ਏਸਦੇ ਜਿੳਂੁ ਜਲ ਉੱਤੇ ਫੁੱਲ ਪਏ ਤਰਦੇ ਨੇ
ਸਰਵਣ ਪੁੱਤ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

‘ਜਿਉਣਾ ਮ੍ਹੌੜ’ ਜੋ ਛਿੰਦੇ ਦਾ ਉਹ ਕੌਣ ਭੁਲਾਊਗਾ,
‘ਉੱਚਾ ਬੁਰਜ ਲਾਹੌਰ ਦਾ’ ਸਭ ਨੂੰ ਇਹ ਦਿਖਾਊਗਾ,
‘ਜੰਨ ਚੜ੍ਹੀ ਅਮਲੀ ਦੀ’ ਸੁਣ ਅਮਲੀ ਹੌਕੇ ਭਰਦੇ ਨੇ,
ਸਰਵਣ ਪੁੱਤ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਆਸਾ ਸਿੰਘ ਮਸਤਾਨਾ ਹੱਥ ਕੰਨ ਤੇ ਰੱਖ ਗਾਉਂਦਾ ਸੀ,
ਕਰਮਜੀਤ ਧੂਰੀ ਵੀ ਖਿੱਚ ਦਿਲਾਂ ਨੂੰ ਪਾਉਂਦਾ ਸੀ,
ਗੁਰਪਾਲ ਪਾਲ ਦੇ ਗੀਤ ਮਨਾਂ ਤੋਂ ਲਾਹੁੰਦੇ ਗਰਦੇ ਨੇ,
ਸਰਵਣ ਪੁੱਤ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ। 

ਹੰਸਰਾਜ, ਸਰਦੂਲ ਹੁਣਾਂ ਦੀਆਂ ਗੱਲਾਂ ਹੋਣਗੀਆਂ,
ਚੇਤੇ ਕਰ ਬਿੰਦਰਖੀਏ ਨੂੰ ਕਈ ਅੱਖਾਂ ਰੋਣਗੀਆਂ,
ਸ਼ਾਹਕੋਟੀ ਤੇ ਬਰਕਤ ਰੱਬ ਨਾਲ ਗੱਲਾਂ ਕਰਦੇ ਨੇ,
ਸਰਵਣ ਪੁੱਤ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ। 

ਕੇ ਦੀਪ ਜਗਮੋਹਣ ਨੂੰ ਸੁਣ ਕੇ ਹਾਸਾ ਆੳਂਦਾ ਹੈ.
ਬੰਦ ਫਾਟਕ ਕੋਟਕਪੂਰੇ ਦਾ ਸੰਧੂ ਦਿਖਲਾੳਂਦਾ ਹੈ,
ਗੀਤ ਕੰਗ ਦੇ ਸੁਣ-ਸੁਣ ਤਪਦੇ ਸੀਨੇ ਠਰਦੇ ਨੇ,
ਸਰਵਣ ਪੁੱਤ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਇਹਨਾ ਵਰਗੇ ਹੋਰ ਗਾਇਕ ਵੀ ਸਦਾ ਜਿਊਣੇ ਨੇ,
ਹਰਚਰਨ ਗਰੇਵਾਲ ਚਾਂਦੀ ਰਾਮ ਵੀ ਚੇਤੇ ਆਉਣੇ ਨੇ,
‘ਮੋਹੀ’ਸੱਭਿਆਚਾਰ ਦੀ ਝੋਲੀ ਜੋ ਗੀਤਾਂ ਨਾਲ ਭਰਦੇ ਨੇ
ਸਰਵਣ ਪੁੱਤ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।

ਗੀਤ ਜਿੰਨਾ ਦੇ ਸੁਣਕੇ ਅੱਜ ਵੀ ਦਿਲ ਨਾ ਭਰਦੇ ਨੇ,
ਸਰਵਣ ਪੁੱਤ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ। 

****