ਲੱਕ 28 ਵਾਲੀ........ ਨਜ਼ਮ/ਕਵਿਤਾ / ਸਤਵੰਤ ਗਰੇਵਾਲ

ਨਾ ਪਹਿਲਾ ਜਿਹਾ ਪੰਜਾਬ ਰਿਹਾ
ਤੇ ਨਾ ਬੋਹੜਾਂ ਦੀਆਂ ਉਹ ਛਾਵਾਂ
ਪੁੱਤ ਇਥੋਂ ਦੇ ਨਸ਼ੇ ਨੇ ਖਾ ਲਏ
ਨਾ ਪਹਿਲਾਂ ਵਰਗੀਆਂ ਮਾਵਾਂ
ਹੁਣ ਸੋਚਣਾ ਛੱਡ ਦਿਓ
ਮੁੜ ਤੁਹਾਡੇ ਤੋਂ ਦੁਨੀਆਂ ਕੰਬੂਗੀ
ਦੱਸ ਲੱਕ 28 ਵਾਲੀ
ਕਿਵੇਂ ਨਲੂਆ ਜੰਮੂਗੀ...


ਸ਼ੇਰਾਂ ਦੇ ਹੱਥ ਮੂੰਹ ਵਿੱਚ ਪਾ ਕੇ
ਦੱਸ ਪਾੜੂ ਕਿਹੜਾ ਜਬਾੜੇ
ਪਹਿਲਵਾਨ ਵੀ ਟਾਵੇਂ-ਟਾਵੇਂ
ਹੁਣ ਸੁੰਞੇ ਪਏ ਅਖਾੜੇ
ਜਿਹੜੇ ਡਾਈਟਿੰਗ ਕਰਕੇ ਜੰਮੇ
ਉਹੋ ਜਵਾਨੀ ਰੰਭੂਗੀ
ਦੱਸ ਲੱਕ 28 ਵਾਲੀ
ਕਿਵੇਂ ਨਲੂਆ ਜੰਮੂਗੀ...

ਧਰਮ ਦੇ ਨਾਂ ਅੱਜਕਲ੍ਹ
ਇੱਥੇ ਕਿਹੜਾ ਹੈ ਦੱਸ ਲੜਦਾ
ਕਰ ਅਰਦਾਸਾਂ ਦੱਸ ਦਿਓ
ਕਿਹੜਾ ਗਲ ਹਾਕਮ ਦਾ ਫੜਦਾ
ਕਾਬਲ ਤੱਕ ਹੁਣ ਪਹੁੰਚਣਾ ਔਖਾ
ਇਹੇ ਫੌਜ ਤਾਂ ਲਗਦਾ ਇਥੇ ਹੀ ਹੰਭੂਗੀ
ਦੱਸ ਲੱਕ 28 ਵਾਲੀ
ਕਿਵੇਂ ਨਲੂਆ ਜੰਮੂਗੀ...

ਨਾ ਬੋਲੀ - ਨਾ ਸੱਭਿਆਚਾਰ
ਨਾ ਪਹਿਲਾ ਵਰਗੇ ਜੁੱਸੇ
ਅਮਰ ਵੇਲ ਨਾਲ ਯਾਰੀ ਲਾ ਕੇ
ਅਸੀ ਜੜ੍ਹਾਂ ਨਾਲ ਫਿਰਦੇ ਰੁੱਸੇ
ਸੁਣੋ ਗੱਭਰੂਓ ਤੇ ਮਟਿਆਰੋ
ਆਪਣੀ ਹੋਂਦ ਨੂੰ ਅੱਜ ਸੰਭਾਲੋ
ਜਦ ਅਣਖ਼ ਕੌਮ ਦੀ ਜਾਗੂ
ਇਹੇ ਹਨੇਰੀ ਠੰਮੂਗੀ
ਫਿਰ ਉਹਦੋਂ ਧੀ ਪੰਜਾਬ ਦੀ
ਮੁੜਕੇ ਨਲੂਆ ਜੰਮੂਗੀ...

ਫਿਰ ਉਹਦੋਂ ਧੀ ਪੰਜਾਬ ਦੀ
ਮੁੜਕੇ ਨਲੂਆ ਜੰਮੂਗੀ...
****