ਕਵਿਤਾ........ ਨਜ਼ਮ / ਕਵਿਤਾ / ਕੁਲਦੀਪ ਸਿੰਘ

ਕਵਿਤਾ ਲਿਖਣਾ ਕੋਈ ਸ਼ੁਗਲ ਨਹੀਂ ਹੈ
ਕਵਿਤਾ ਲਿਖਣਾ ਤਲਵਾਰ ਚਲਾਉਣਾ ਹੈ
ਸਮਤਲ ਕਰਨਾ ਹੈ ਟੋਇਆਂ ਟਿਬਿਆਂ ਨੂੰ
ਅੱਗ ਲਉਣਾ ਹੈ ਕਚਰੇ ਨੂੰ
ਸੰਭਾਲਣਾਂ ਹੈ ਰਾਹੀਆਂ ਦੇ ਰਾਹਾਂ ਨੂੰ
ਨਵੇਂ ਰਾਹ ਬਣਾਉਣਾ ਹੈ
ਬਚਾਉਣਾ ਹੈ ਮਨੁਖਤਾ ਦੇ ਨਕਸ਼ੇ ਨੂੰ

ਕਵਿਤਾ ਲਿਖਣਾ ਕੋਈ ਸ਼ੁਗਲ ਨਹੀਂ ‘ਹੈ
ਜਿੰਮੇਵਾਰੀ ਹੈ
ਅਹਿਸਾਸ ਹੈ ਧੜਕਦੇ ਦਿਲਾਂ ਦਾ
ਜਾਗਦੀ ਜ਼ਮੀਰ ਦਾ
ਸੂਚਕ ਹੈ ਤੁਰਦੇ ਰਹਿਣ ਦਾ
ਫਤਵਾ ਹੈ ਦੋਖੀਆਂ ਦੀ ਮੌਤ ਦਾ


ਕਵਿਤਾ ਲਿਖਣਾ ਕੋਈ ਸ਼ੁਗਲ ਨਹੀਂ ‘ਹੈ
ਕਾਗਜਾਂ ਦਾ ਕਤਲ ਕਰਨਾ ਨਹੀਂ ਹੈ
ਜਿੰਦਗੀ ਦੇਣਾ ਹੈ
ਜੀਣਾ ਸਿਖਾਉਣਾ ਹੈ
ਜੁਗਨੂੰ ਬਣਾਉਣਾ ਹੈ
ਦੀਵੇ ਬਣਾਉਣਾ ਹੈ
ਮਸ਼ਾਲਾਂ ਬਣਾਉਣਾ ਹੈ
ਸੂਰਜ ਬਣਾਉਣਾ ਹੈ
ਵਾਰ ਜਾਣਾ ਸਿਖਾਉਣਾ ਹੈ
ਮਰ ਜਾਣਾ ਸਿਖਾਉਣਾ ਹੈ
ਮਰ ਕਿ ਜਿਉਂਦੇ ਰਹਿਣਾ ਸਿਖਾਉਣਾ ਹੈ
ਵਹਿੰਦੇ ਰਹਿਣਾ ਸਿਖਾਉਣਾ ਹੈ
ਫੈਲਦੇ ਰਹਿਣਾ ਸਿਖਾਉਣਾ ਹੈ

ਕਵਿਤਾ ਲਿਖਣਾ ਕੋਈ ਮਜ਼ਾਕ  ਨਹੀਂ ‘ਹੈ
ਅੱਗ ਚਬਾਉਣਾ ਹੈ
ਅੱਗ ’ਤੇ ਸੌਣਾ ਹੈ
ਅੱਗ ਨਾਲ ਖੇਡਣਾ ਹੈ
ਅੱਗ ਪਰਨਾਉਣਾ ਹੈ
ਖੂਨ ’ਚ ਨਹਾਉਣਾ ਹੈ
ਖੂਨ ਬਚਾਉਣਾ ਹੈ
ਸੜਾਂਦ ਨੂੰ ਰੋਕਣਾ ਹੈ
ਸਾਹਾਂ ਦਾ ਅਉਣਾ ਹੈ
ਕਵਿਤਾ ਲਿਖਣਾ ਫਰਿਆਦ ਕਰਨਾ ਨਹੀਂ ‘ਹੈ
ਕਵਿਤਾ ਲਿਖਣਾ ਬਰਬਾਦ ਕਰਨਾ ਨਹੀਂ ‘ਹੈ
ਕਵਿਤਾ ਲਿਖਣਾ ਮੋਇਆਂ ’ਚ ਜਾਨ ਪਉਣਾ ‘ਹੈ
ਕਵਿਤਾ ਲਿਖਣਾ ਸਿਰਫ ਯਾਦ ਕਰਨਾ ਨਹੀਂ ‘ਹੈ

ਕਵਿਤਾ ਲਿਖਣਾ ਸੁਪਨੇ ਲੈਣਾ ਨਹੀਂ ‘ਹੈ
ਕਵਿਤਾ ਲਿਖਣਾ ਸੁਪਨੇ ਦਿਖਾਉਣਾ ਨਹੀਂ ‘ਹੈ
ਕਵਿਤਾ ਲਿਖਣਾ ਸੁਪਨੇ ਜਿਉਣਾ ‘ਹੈ
ਕਵਿਤਾ ਲਿਖਣਾ ਸੁਪਨੇ ਹੰਢਾਉਣਾ ‘ਹੈ
ਕਵਿਤਾ ਲਿਖਣਾ ਸੁਪਨੇ ਮਨਾਉਣਾ ‘ਹੈ

ਕਵਿਤਾ ਲਿਖਣਾ ਜੀਭ-ਰਸ ਕਰਨਾ ਨਹੀਂ ‘ਹੈ
ਰਸੀਆ ਜੀਭਾਂ ’ਤੇ ਤੁੰਮਾਂ ਲਉਣਾ ਹੈ
ਕਵਿਤਾ ਸੁਣਾਉਣਾ ਕੰਨ-ਰਸ ਕਰਨਾ ਨਹੀਂ ਹੈ
ਰਿਸਦੇ ਕੰਨਾਂ ’ਚੋਂ ਰੇਸ਼ਾ ਕੱਢਣਾ ਹੈ

ਕਵਿਤਾ ਸੁਣਾਉਣਾ ਤਾੜੀ-ਝਾਕ ਕਰਨਾ ਨਹੀਂ ਹੈ
ਵਿਚਾਰ ਦੇਣਾ ਹੈ
ਕਵਿਤਾ ਸੁਣਾਉਣਾ ਹਥਿਆਰ ਦੇਣਾ ਹੈ
ਕਵਿਤਾ ਸੁਣਾਉਣਾ ਉਪਦੇਸ਼ ਦੇਣਾ ਨਹੀਂ ਹੈ
ਚਾਨਣ ਫੈਲਾਉਣਾ ਹੈ
ਹਨੇਰਾ ਮਿਟਾਉਣਾ ਹੈ

ਕਵਿਤਾ ਲਿਖਣਾ ਕੋਈ ਸ਼ੁਗਲ ਨਹੀਂ ‘ਹੈ
ਤੁਰਦੇ ਰਹਿਣਾ ਹੈ
ਤੁਰਦੇ ਰਹਿਣਾ ਹੈ
ਅਤੇ ਤੁਰਦੇ ਰਹਿਣਾ ਹੈ

****