ਫੁਲ ਤੇ ਕੰਡਾ.......... ਨਜ਼ਮ/ਕਵਿਤਾ / ਮੁਹਿੰਦਰ ਸਿੰਘ ਘੱਗ

ਚੰਗਾ ਹੁੰਦਾ ਫੁਲ ਦੀ ਥਾਂ, ਕੰਡਾ ਹੀ ਬਣ ਜਾਂਦਾ
ਜਣਾ ਖਣਾ ਫੇਰ ਹਥ ਪਾਉਣ ਤੋਂ, ਥੋੜਾ ਤਾਂ ਕਦਰਾਂਦਾ

ਹੁਸਨ ਫੁਲ ਦਾ ਮਾਣ ਵਪਾਰੀ ਪੈਰਾਂ ਹੇਠ ਲਿਤਾੜਨ
ਫੁਲ ਵਿਚਾਰਾ ਖੁਸ਼ੀਆਂ  ਖੇੜੇ ਵੰਡਦਾ ਹੀ ਮਰ ਜਾਂਦਾ

ਫੁਲ ਤੋੜਦੇ ਟਾਹਣੀ ਨਾਲੋਂ ਕੰਡਾ ਕੋਈ ਨਾ ਤੋੜੇ
ਫੁਲ ਤੋੜਨ ਨੂੰ ਹਰ ਬਸ਼ਰ ਦਾ ਹਥ ਹੈ ਵਧਦਾ ਜਾਂਦਾ

ਫੁਲ ਟੁਟ ਕੇ ਟਾਹਣੀ ਨਾਲੋਂ ਪਲਾਂ ਵਿਚ ਮੁਰਝਾਵੇ
ਵਢਿਆ ਟੁਕਿਆ ਕੰਡਾ ਫੇਰ ਵੀ ਕੰਡਾ ਹੀ ਰਹਿ ਜਾਂਦਾ


ਕੰਡੇ ਪਾਸੋਂ ਹਰ ਕੋਈ  ਲੰਘਦਾ ਪੱਲਾ ਪਿਆ ਬਚਾਵੇ
ਕੰਡਾ ਕਦੇ ਲਿਹਾਜ ਨਾ ਕਰਦਾ ਚੁਭ ਕੇ ਦੁਖ ਪੁਚਾਂਦਾ

ਇਸ ਜਗ ਦੀ ਹੈ ਰੀਤ ਨਿਰਾਲੀ ਕੰਡੇ ਪਿਆ ਖਿਲਾਰੇ
ਚੁਭਿਆ ਕੰਡਾ ਕਢਣ ਨੂੰ ‘ਘੱਗ’ ਕੰਡਾ ਹੀ ਕੰਮ ਆਉਂਦਾ

****