ਐ ਪੰਜਾਬ ਕਿੱਥੇ ਉਹ ਸ਼ਾਨ ਤੇਰੀ, ਐ ਪੰਜਾਬ
ਐ ਪੰਜਾਬ ਕਿੱਥੇ ਉਹ ਸ਼ਾਨ ਤੇਰੀ, ਐ ਪੰਜਾਬ
ਉਹ ਪਹਾੜ ਕਿੱਥੇ ਉਹ ਬਰਫ ਤੇਰੀ, ਉਹ ਪਾਣੀ ਪੰਜ ਦਰਿਆਵਾਂ ਦੇ
ਸਣੇ ਪੱਤਣ ਬੇੜੀ ਲੁੱਡਣ ਦੀ ਕਿੱਥੇ ਨੇ ਇਸ਼ਕ ਝਨਾਵਾਂ ਦੇ
ਬਾਰਾਂ ਅਤੇ ਬੇਲੇ ਕਿੱਧਰ ਗਏ ਵੱਗ ਚਰਦੇ ਮੱਝਾਂ ਗਾਵਾਂ ਦੇ
ਸੀ ਬੁਰਕੀ ਸਾਂਝੀ ਜਿਨ੍ਹਾਂ ਦੀ ਗਏ ਕਿੱਧਰ ਪਿਆਰ ਭਰਾਵਾਂ ਦੇ
ਐ ਪੰਜਾਬ........
ਮੋਢਿਆਂ ਤੋਂ ਚਾਦਰ ਬਰਫਾਂ ਦੀ ਖਿੱਚ ਲਾਹੀ ਤੇਰੇ ਭਰਾਵਾਂ ਨੇ
ਸੀਨੇ 'ਚੋਂ ਸੇਕ ਜਵਾਲਾ ਦਾ ਕੱਢ ਦਿੱਤਾ ਫੁੱਟ ਦਿਆਂ ਤਾਵਾਂ ਨੇ
ਏਥੇ ਫਿਰਕੂ ਬੂਟਾ ਮੱਲ ਗਿਆ ਤੈਨੂੰ ਝੁਲਸਿਆ ਉਹਦੀਆਂ ਛਾਂਵਾਂ ਨੇ
ਤੇਰੀ ਬੋਟੀ ਬੋਟੀ ਚੂੰਡਣ ਲਈ ਹੈ ਰੌਲ਼ਾ ਪਾਇਆ ਕਾਂਵਾਂ ਨੇ
ਐ ਪੰਜਾਬ..........
ਜਿਨੀਂ੍ਹ ਕੰਢੀਂ ਹੇਕਾਂ ਲੱਗਦੀਆਂ ਸਨ ਵੱਜਦੇ ਸਨ ਨਾਦ ਪਿਆਰਾਂ ਦੇ
ਉਹਨਾਂ ਵਿਚ ਲਾਸ਼ਾਂ ਤਰਨ ਪਈਆਂ ਲੁੱਟੇ ਨੇ ਸੁਹਾਗ ਮੁਟਿਆਰਾਂ ਦੇ
ਨਫ਼ਰਤ ਦੀ ਅੱਗ ਵਿਚ ਸੜਦੇ ਨੇ ਤੇਰੇ ਵਾਰਿਸ ਪਿਆਰ ਭੰਡਾਰਾਂ ਦੇ
ਤੈਥੋਂ ਰੱਬ ਜਵਾਨੀ ਮੰਗਦਾ ਸੀ ਅੱਜ ਹੋਇਆ ਵਾਂਗ ਬੀਮਾਰਾਂ ਦੇ
ਐ ਪੰਜਾਬ..........
ਤੈਥੋਂ ਭੰਗੜੇ ਛਿੰਝਾਂ ਖੋਹ ਲਈਆਂ ਸਾਵਣ ਦੀਆਂ ਖੋਹੀਆਂ ਤੀਆਂ ਵੀ
ਸੈਂ ਰਾਖਾ ਪੱਤਾਂ ਪਰਾਈਆਂ ਦਾ ਅੱਜ ਬੇ-ਪੱਤ ਤੇਰੀਆਂ ਧੀਆਂ ਵੀ
ਸਦਾ ਪਰਬਤ ਵਾਂਗ ਅਡੋਲ ਰਿਹਾ ਅੱਜ ਡੋਲੀਆਂ ਤੇਰੀਆਂ ਨੀਆਂ੍ਹ ਵੀ
ਹੈ ਤੈਥੋਂ ਪਾਸਾ ਵੱਟ ਲੀਤਾ ਤੇਰੇ ਹੀ ਘਰ ਦੇ ਜੀਆਂ ਵੀ
ਐ ਪੰਜਾਬ............
ਤੂੰ ਮੋਢੀ ਸੈਂ ਕੁਰਬਾਨੀ ਦਾ ਅੱਜ ਮੋਹਰੀ ਕਹਿਣ ਗੱਦਾਰਾਂ ਦਾ
ਪੱਤਝੜ (ਦਿੱਲੀ) ਤੋਂ ਲੋਚੇਂ ਇਕ ਫੁੱਲ ਨੂੰ ਸੈਂ ਰਾਜਾ ਆਪ ਬਹਾਰਾਂ ਦਾ
ਪਿਆ ਕੀਤੇ ਵਾਂਗੂ ਰੀਂਘਦਾ ਐਂ ਤੂੰ ਸ਼ਾਹ ਸੈਂ ਸ਼ਾਹ ਅਸਵਾਰਾਂ ਦਾ
ਅੱਜ ਛਾਤੀ ਕੀਰਨੇ ਦੱਬੇ ਤੂੰ ਸਿਰਜਕ ਨਲੂਇਆਂ ਦੀਆਂ ਵਾਰਾਂ ਦਾ
ਐ ਪੰਜਾਬ.............
ਪੰਜ ਆਬ ਤੇਰੇ ਪੀ ਲਏ ਫੁੱਟ ਨੇ ਤੂੰ ਨਾਂ ਦਾ ਰਹਿ ਪੰਜ-ਆਬ ਗਿਆ
ਸਤਲੁਜ ਵੀ ਪੂਛੋਂ ਵੱਢ ਦਿੱਤਾ ਜਿਹਲਮ ਦੇ ਨਾਲ਼ ਚਨਾਬ ਗਿਆ
ਤੇਰੀ ਮਹਿਕ ਫਿਰਕੂਆਂ ਧੁਆਂਖ ਦਿੱਤੀ ਤੂੰ ਨਾਂ ਦਾ ਰਹਿ ਗੁਲਾਬ ਗਿਆ
'ਗਿੱਲ' ਵਾਰਿਸ, ਬੁੱਲ੍ਹਿਆਂ ਵਾਲ਼ਾ ਉਹ ਚਾਤ੍ਰਿਕ ਦਾ ਕਿੱਧਰ ਪੰਜਾਬ ਗਿਆ
ਐ ਪੰਜਾਬ.............