ਫੇਰ ਕੀ ਮਜਬੂਰ.......... ਗ਼ਜ਼ਲ / ਬਰਜਿੰਦਰ ਚੌਹਾਨ

ਫੇਰ ਕੀ ਮਜਬੂਰ ਜੇ ਹੋਣਾ ਪਿਐ ਪਰਵਾਸ 'ਤੇ
ਬੇਘਰੇ ਹੋਣਾ ਵੀ ਪੈਂਦਾ ਹੈ ਕਦੇ ਘਰ ਵਾਸਤੇ

ਕਿਸ਼ਤੀਆਂ ਦਾ ਡੁੱਬਣਾ ਤੇਰੇ ਲਈ ਹੈ ਹਾਦਸਾ
ਰੋਜ਼ ਦਾ ਪਰ ਸ਼ੁਗਲ ਹੈ ਇਹ ਤਾਂ ਸਮੁੰਦਰ ਵਾਸਤੇ


ਰਾਹ ਦਿਆਂ ਰੁੱਖਾਂ ਲਈ ਸਤਿਕਾਰ ਤਾਂ ਚਾਹੀਦਾ ਹੈ
ਪਰ ਉਨ੍ਹਾਂ ਦਾ ਮੋਹ ਨਹੀਂ ਚੰਗਾ ਮੁਸਾਫ਼ਰ ਵਾਸਤੇ

ਮੇਰੇ ਦੂਹਰਾ ਹੋਣ ਉੱਤੇ ਵੀ ਇਹ ਪੂਰੀ ਨਾ ਪਵੇ
ਕਿਸ ਤਰਾਂ ਖ਼ੁਦ ਨੂੰ ਸਮੇਟਾਂ ਹੁਣ ਮੈਂ ਚਾਦਰ ਵਾਸਤੇ

ਦਿਨ ਢਲ਼ੇ ਮੈਨੂੰ ਉਡੀਕੇ ਘਰ ਦੀ ਸਰਦਲ 'ਤੇ ਕੋਈ
ਤਰਸਦੀ ਹੈ ਅੱਖ ਮੇਰੀ ਏਸ ਮੰਜ਼ਰ ਵਾਸਤੇ

ਤੂੰ ਕਹੇ ਨਾ ਮੈਂ ਸੁਣੇ ਜੋ ਆਖਰੀ ਮਿਲਣੀ ਸਮੇਂ
ਨਕਸ਼ ਨੇ ਉਹ ਬੋਲ ਦਿਲ 'ਤੇ ਜਿ਼ੰਦਗੀ ਭਰ ਵਾਸਤੇ