ਪਰਛਾਂਵਾਂ.......... ਨਜ਼ਮ/ਕਵਿਤਾ / ਹਰਦੀਪ ਕੌਰ

ਤੇਰੇ ਪਰਤ ਆਉਣ ਦੀ ਉਡੀਕ
ਮੇਰੇ ਖਿਆਲਾਂ ਨੂੰ ਮੋੜਦੀ ਰਹੀ
ਪਰ ਸਿਸਕ ਸਿਸਕ ਕੇ ਚੀਸ ਮੇਰੀ
ਦਮ ਤੋੜਦੀ ਰਹੀ

ਬਹੁਤ ਸਮਝਾਇਆ ਸੀ
ਮੈਂ ਝੱਲਾ ਦਿਲ ਆਪਣਾ
ਫਿਰ ਵੀ ਇਸ ਨੂੰ
ਦਿਲ ਤੇਰੇ ਨਾਲ ਜੋੜਦੀ ਰਹੀ

ਮੀਲਾਂ ਤੋਂ ਵੀ ਲੰਮਾ ਪੈਂਡਾ ਬਿਰਹੋਂ ਦਾ
ਇਸ ਪੈਂਡੇ ਦਾ ਕੌਣ ਬਣੇਗਾ ਹਮਸਫਰ
ਮੈ ਹੋੜਦੀ ਰਹੀ

ਦੂਰ ਤੱਕ ਲੱਭਦੀ ਰਹੀ
ਮੈਂ ਪੈੜਾਂ ਦੇ ਨਿਸ਼ਾਨ
ਤੇਰੇ ਕਦਮਾਂ ਦੀ ਦਿਸ਼ਾ ਨੂੰ
ਆਪਣੇ ਦਰ ਵਲ ਲੋੜਦੀ ਰਹੀ

ਜਿਸ ਦਰ ਤੇ ਜਾ ਕੇ
ਤੇਰਾ ਰਾਹ ਮੁਕਦਾ
ਉਸ ਦਰ ਤੋਂ ਮੈਂ
ਆਪਣੀ ਮੰਜਿ਼ਲ ਨੂੰ ਮੋੜਦੀ ਰਹੀ

ਦੀਪ ਓਹ ਮੇਰਾ ਆਪਣਾ ਹੀ
ਪਰਛਾਂਵਾਂ ਸੀ
ਜਿਸ ਤੋਂ ਮੈਂ ਦੂਰ ਅਜਨਬੀ
ਸਮਝ ਕੇ ਦੌੜਦੀ ਰਹੀ...
****