ਸਾਡੇ ਅੰਬਰਾਂ ਤੇ ਰਾਤ ਰਹੇ
ਸੀਨੇ ਵਿੱਚ ਭੱਠ ਤਪਦੇ,
ਅੱਖਾਂ ਵਿੱਚ ਬਰਸਾਤ ਰਹੇ।
ਕਿਵੇਂ ਸੌਂ ਗਈਆਂ ਅੱਖੀਆਂ ਵੇ
ਵਰ੍ਹਿਆਂ ਨਾ ਜਿ਼ਦ ਜਿ਼ਦ ਕੇ
ਰਾਤਾਂ ਜਿਨ੍ਹਾਂ ਵਿਚ ਲੱਥੀਆਂ ਵੇ।
ਤੇਰੇ ਮਹਿਲਾਂ ਨੂੰ ਰਾਹ ਕੋਈ ਨਾ
ਤੇਰੇ ਲਈ ਹੋਠ ਸੁੱਚੇ
ਪਰ ਜਗ ਦਾ ਵਿਸਾਹ ਕੋਈ ਨਾ।
ਕਦੇ ਅੱਖੀਆਂ ਨਾ ਭਰੀਆਂ ਵੇ
ਸੁੱਕੇ ਹੋਏ ਸਾਗਰਾਂ ਲਈ
ਦੋ ਬੂੰਦਾਂ ਨਾ ਸਰੀਆਂ ਵੇ।
ਤੈਨੂੰ ਮਨ 'ਚ ਵਸਾਇਆ ਵੇ
ਸਾਹਾਂ ਦਾ ਧੁਖਣ ਧੁਖੇ
ਤਨ ਬਾਲਣ ਡਾਹਿਆ ਵੇ।
ਤੇਰਾ ਤਾਜ ਨਾ ਲਹਿ ਜਾਣਾ
ਸਾਡੇ ਕੋਲ ਸੁਪਨੇ ਬਚੇ
ਸਾਡਾ ਸੁਪਨਾ ਹੀ ਲੈ ਜਾਣਾ।
ਨਾ ਰੋ ਤਕਦੀਰਾਂ ਨੂੰ
ਮਰਜ਼ਾਂ ਨੂੰ ਮਹਿਕ ਬਣਾ
ਛੱਡ 'ਸਾਧੂ ' ਫ਼ਕੀਰਾਂ ਨੂੰ।