ਖ਼ਾਬ 'ਚ ਮੈਥੋਂ ਇੱਕੋ ਹੀ ਗੱਲ ਨਿੱਤ ਪਾ ਕੇ ਵਲ-ਛਲ ਪੁੱਛਦਾ ਹੈ
ਇੱਕ ਪਰਿੰਦਾ ਰੋਜ਼ ਨਵੇਂ ਪਿੰਜਰੇ ਦਾ ਖੇਤਰਫਲ ਪੁੱਛਦਾ ਹੈ
ਤੇਰੇ ਦਿਲਕਸ਼ ਬਦਨ 'ਚੋਂ ਰਿਸਦਾ,ਕੋਹਜ ਮੈਂ ਕਿਸ ਨੂੰ ਅਰਪਾਂ ਜਾ ਕੇ
ਹਰ ਇੱਕ ਸ਼ਹਿਰ ਦੇ ਕੋਲੋਂ ਲੰਘਦਾ, ਠਹਿਰ ਕੇ ਗੰਗਾ-ਜਲ ਪੁੱਛਦਾ ਹੈ
ਉਸ ਨੇ ਸਾਡੇ ਸਫ਼ਰ ਦੀ ਗਾਥਾ,ਉਹ ਚਿਤਵੀ ਹੈ, ਜਿਸ ਵਿੱਚ ਥਾਂ ਥਾਂ
"ਕਿਸ ਬੇੜੀ ਵਿੱਚ ਛੇਕ ਨੇ ਕਿੰਨੇ ", ਦਰਿਆਵਾਂ ਨੂੰ ਥਲ ਪੁੱਛਦਾ ਹੈ
ਮੈਨੂੰ ਵੇਚਣ ਤੋਂ ਪਹਿਲਾਂ ਉਹ ਮੇਰੀ ਮਰਜ਼ੀ ਜਾਣ ਰਹੇ ਨੇ
ਅੰਤਿਮ-ਇੱਛਾ ਜਿਵੇਂ ਕਿਸੇ ਦੀ, ਖ਼ੁਦ ਉਸ ਦਾ ਕਾਤਲ ਪੁੱਛਦਾ ਹੈ
ਧੀ ਦਾ ਮੁਜਰਾ ਵੇਖਦਾ ਬਾਬਲ, ਕਿਹੜੀ ਅਕਲ ਸਹਾਰੇ ਹੱਸਦੈ
ਏਸ ਸਿਆਣੇ ਸ਼ਹਿਰ ਸਾਰੇ ਨੂੰ, ਇਕਲੌਤਾ ਪਾਗਲ ਪੁੱਛਦਾ ਹੈ
ਤੂੰ ਆਖੇਂ ਤਾਂ ਮੈਂ ਇਸ ਧੁਖਦੀ ਝੀਲ 'ਤੇ ਕਿਣਮਿਣ ਕਰ ਹੀ ਆਵਾਂ
ਪਲਕ ਮੇਰੀ 'ਤੇ ਲਰਜ਼ਦਾ ਹੰਝੂ, ਮੈਥੋਂ ਇਹ ਹਰ ਪਲ ਪੁੱਛਦਾ ਹੈ
ਵਾਹ ਤੇਰੀ ਵਿਗਿਆਪਨਕਾਰੀ, ਤੇਰੇ ਸ਼ੀਸ਼ੇ ਦੇ ਪਾਣੀ ਤੋਂ
ਮੇਰੇ ਦਰਿਆਵਾਂ ਦਾ ਪਾਣੀ, ਕੀ ਹੁੰਦੀ , ਕਲ-ਕਲ ਪੁੱਛਦਾ ਹੈ