ਮੈਂ ਐਸੇ ਰਾਹ ਤਲਾਸ਼ੇ ਨੇ ਜਿਨ੍ਹਾਂ ਤੇ ਛਾਂ ਨਹੀਂ ਕੋਈ
ਕਿਤੇ ਵੀ ਬੈਠ ਕੇ ਦਮ ਲੈਣ ਜੋਗੀ ਥਾਂ ਨਹੀਂ ਕੋਈ
ਬਿਗਾਨੇ ਸ਼ਹਿਰ ਵਿਚ ਖੁਸ਼ ਰਹਿਣ ਦਾ ਸਾਮਾਨ ਹੈ ਸਾਰਾ
ਬਿਠਾ ਕੇ ਗੋਦ ਅੱਥਰੂ ਪੂੰਝਦੀ ਪਰ ਮਾਂ ਨਹੀਂ ਕੋਈ
ਲਿਹਾਜ਼ੀ ਆਖਦੇ ਮੈਨੂੰ ਕਿ ਅਪਣੇ ਘਰ ਦੇ ਬੂਹੇ ‘ਤੇ
ਮੈਂ ਤਖਤੀ ਤਾਂ ਲੁਆਈ ਹੈ ਪਰ ਉਸ ‘ਤੇ ਨਾਂ ਨਹੀਂ ਕੋਈ
ਸੁਰਾਹੀ ਸਮਝ ਕੇ ਖ਼ੁਦ ਨੂੰ ਨਦੀ, ਛੋਟਾ ਕਹੇ ਘਰ ਨੂੰ
ਤੇ ਉਸ ਵਾਸਤੇ ਉਸ ਘਰ ਦੇ ਅੰਦਰ ਥਾਂ ਨਹੀਂ ਕੋਈ
ਮੁਸਾਫਿ਼ਰ ਮੰਜਿ਼ਲਾਂ ਦੀ ਥਾਂ ਕਿਵੇਂ ਨਾ ਜਾਣ ਮਕ਼ਤਲ ਨੂੰ
ਮਨਾਂ ਵਿਚ ਧੁੱਪ ਹੈ ਪੱਸਰੀ, ਸਿਰਾਂ ‘ਤੇ ਛਾਂ ਨਹੀਂ ਕੋਈ
ਉਨ੍ਹਾਂ ਨੂੰ ਸ਼ੱਕ ਹੈ ਕਣੀਆਂ ਦੀ ਥਾਂ ਅੰਗਿਆਰ ਬਰਸਣਗੇ
ਨਗਰ ਅੰਦਰ ਘਟਾਵਾਂ ਨੂੰ ਬੁਲਾਉਂਦਾ ਤਾਂ ਨਹੀਂ ਕੋਈ