ਪਰਦੇਸਾਂ ਵਿਚ ਬੈਠਾ ਕੋਈ
ਹੀ ਸੋਚੀ ਜਾਵੇ ।
ਢਲਦੀ ਉਮਰ ਦੇ ਚੇਹਰੇ ਦੇਖਣ
ਕਿਹੜਾ ਵਤਨੀਂ ਜਾਵੇ ।
ਹੋਲੀ ਹੋਲੀ ਕਿਰੀਆਂ ਇੱਟਾਂ
ਛੱਤਾਂ ਵੀ ਸਭ ਚੋਈਆਂ ।
ਬਾਰੀਆਂ ਬੂਹੇ ਢਿਲੇ ਪੈ ਗਏ
ਕੰਧਾ ਪੋਲੀਆਂ ਹੋਈਆਂ ।
ਵਗ ਗਏ ਪਾਣੀ ਪੁਲਾਂ ਦੇ ਥਲਿਉਂ
ਇਹਨਾਂ ਮੁੜ ਕਿਸ ਆਉਣਾ ।
ਜਿਸ ਘਰ ਨੇ ਸੀ ਲਾਡ ਲਿਡਾਇਆ
ਉਸ ਲਈ ਕਿਸ ਨੇ ਰੋਣਾ ।
ਬਾਗਾਂ ਨੂੰ ਨੇ ਮਾਲੀ ਛਡ ਗਏ
ਘਰਾਂ ਨੂੰ ਛਡ ਗਏ ਵਾਰਿਸ ।
ਉਜੜੇ ਬਾਗੀਂ ਕਿਹੜਾ ਬੈਠੇ
ਖੰਡਰ ਦੀ ਕੀ ਢਾਰਿਸ ।
ਚੰਨ ਵੀ ਲੱਗਾ ਰੋਟੀ ਵਰਗਾ
ਦੇਖ ਚੰਨ ਸਭ ਦੋੜੇ ।
ਚੰਨ ਕਿਸੇ ਦੇ ਹਥ ਕੀ ਆਉਣਾ
ਕਈਂ ਰਿਸ਼ਤੇ ਹੋ ਗਏ ਕੌੜੇ ।
ਕੀ ਕੀ ਵਿਕਿਆ ਕਿੰਨਾ ਬਚਿਆ
ਜਦ ਮਾਰੀ ਕਿਸੇ ਉਡਾਰੀ ।
ਸਤ ਸਮੁੰਦਰੀਂ ਘੋਲਕੇ ਚਿੰਤਾ
ਪੀ ਗਈ ਮਾਂ ਵਿਚਾਰੀ ।
ਕਈਂ ਸੂਰਜਾਂ ਪੂਰਬ ਚੜਣਾ
ਪਛਮ ਨੂੰ ਤੁਰ ਜਾਣਾ ।
ਚੜਦਾ ਲਹਿੰਦਾ ਦੋਵੇਂ ਚੁੱਮੇਂ
ਧਰਤੀ ਧਰਮ ਨਿਭਾਉਣਾ ।