ਚੰਨ ਅਸਮਾਨ 'ਚ ਕੰਬਦਾ ਵੇਖ ਗ਼ਜ਼ਬ ਦਾ ਖੇਲ
ਜਗਦੇ ਦੀਵੇ ਪੀ ਰਹੇ ਇਕ ਦੂਜੇ ਦਾ ਤੇਲ
ਰਿਸ਼ਤੇ, ਰੀਝਾਂ, ਅੱਥਰੂ ਮਿਲਣ ਬਾਜ਼ਾਰੋਂ ਆਮ
ਕੀ ਹੁਣ ਦਰਦ ਵਿਯੋਗ ਦਾ ਕੀ ਰੂਹਾਂ ਦਾ ਮੇਲ
ਥਾਏਂ ਖੜ੍ਹੀ ਉਡੀਕਦੀ ਯਾਤਰੀਆਂ ਦੀ ਭੀੜ
ਲੀਹਾਂ ਛੱਡ ਅਸਮਾਨ 'ਤੇ ਦੌੜ ਰਹੀ ਹੈ ਰੇਲ
ਧੁੱਪ ਵਿਚ ਰੰਗ ਨਾ ਰੌਸ਼ਨੀ ਪੀਲੀ ਜ਼ਰਦ ਸਵੇਰ
ਪਾਣੀ ਪਾਣੀ ਹੋ ਗਈ ਫੁੱਲ 'ਤੇ ਪਈ ਤਰੇਲ
ਦਿਲ ਦੇ ਆਖੇ ਲੱਗ ਕੇ ਭੁੱਲ ਕੇ ਘਰ ਦੀ ਰੀਤ
ਸਾਵੇ ਰੁੱਖ 'ਤੇ ਚੜ੍ਹ ਗਈ ਗਮਲੇ ਦੀ ਇੱਕ ਵੇਲ
ਸੁਪਨੇ ਵਿੱਚ ਮੰਡਰਾ ਰਿਹਾ ਇੱਕ ਪੰਛੀ ਬੇਚੈਨ
ਜਿਸ ਦੇ ਨੈਣੀਂ ਗਰਦਿਸ਼ਾਂ ਖੰਭਾਂ ਹੇਠ ਦੁਮੇਲ
ਮੈਂ ਸੋਚਾਂ ਇਹ ਡਾਲ ਹੈ ਠੀਕ ਆਲ੍ਹਣੇ ਯੋਗ
ਤੂੰ ਸੋਚੇਂ ਇਸ ਡਾਲ ਦੀ ਬਣਨੀ ਖੂਬ ਗੁਲੇਲ