ਵਿਕਟੋਰੀਆ (ਆਸਟ੍ਰੇਲੀਆ) ਦੇ ਨਗਰਾਂ ਦੇ ਨਾਂ
ਉਹ ਜਦ ਰਾਤ ਆਪਣੇ ਘਰੀਂ ਸੁੱਤੇ
ਹਿੱਕ ਚ ਕਈ ਆਸਾਂ ਸੁੱਤੀਆਂ ਸਨ ਨਾਲ -
ਦੈਂਤ ਵਾਂਗ ਪਹਿਲਾਂ ਇੱਕ
ਨੱਚਦੀ ਡੈਣ ਅੰਗਿਆਰ ਬੋਝੇ ਚ ਪਾ ਕੇ ਆਈ
ਜਿਹਨੂੰ ਕਈ ਅਗਨ ਦੇਵਤਾ ਕਹਿੰਦੇ ਹਨ-
ਬੇਸ਼ਰਮ ਜੇਹੀ ਕੁੜੀ ਵਾਂਗ
ਘਰਾਂ ਦੇ ਘਰ ਰਾਖ ਕਰ ਟੁਰ ਗਈ-
ਪਤਾ ਨਹੀਂ ਇਹ ਕਿਉਂ ਨਰਾਜ਼ ਸੀ ਕੁੜੀ-
ਇਹਦੇ ਦਰ ਕਿਸੇ ਨੇ ਖਬਰੇ
ਨਹੀਂ ਸੀ ਚੜ੍ਹਾਇਆ ਅਰਗ
ਨਾ ਪੂਜਾ ਦਾ ਦੀਪ ਬਾਲਿਆ-
ਨੇੜੇ ਖੜਾ ਇਕ ਹੋਰ ਪਵਨ ਦੇਵਤਾ
ਵੀ ਨਾਲ ਹੋ ਤੁਰਿਆ-
ਹਵਾ ਨੇ ਅੱਗ ਨਾਲ ਰਲ ਕੇ
ਤਨ ਮਨ ਸੁਆਹ ਕਰ ਖਿੰਡਾ ਦਿਤੇ-
ਹਵਾਵਾਂ ਚੋਂ ਰਾਗਨੀਆਂ ਮਰ ਗਈਆਂ ਸਨ ਓਦਣ
ਪੰਛੀ ਮਰਸੀਏ ਗਾ ਰਹੇ ਸਨ-
ਕਬਰਾਂ ਦੇ ਰਾਹਾਂ ਚ ਭਟਕ ਗਏ ਬੁੱਢੇ ਵਕਤ-
ਵੰਝਲੀਆਂ ਨੇ ਨਾਗਣੀਆਂ ਬਣ ਆ ਡੰਗਿਆ-
ਨਾ ਥ੍ਰੀ ਜ਼ੀਰੋ ਸੀ
ਨਾ ਕੋਈ ਹੀਰੋ ਸੀ-
ਸੁਨਾਮੀ ਵੇਲੇ ਜਲ ਦੇਵਤਾ ਕਹਿਰਵਾਨ ਹੋਇਆ ਸੀ-
ਸ਼ਹਿਰਾਂ ਦੇ ਸ਼ਹਿਰ ਨਿਗਲ ਗਿਆ-
ਤੇ ਹੁਣ ਅਗਨ ਤੇ ਪਵਨ ਦੇਵਤੇ
ਵਿਕਟੋਰੀਆ ਦਾ ਨਗਰ 2 ਖਾ ਗਏ ਰਲਮਿਲ-
ਤੇ ਉਹ ਜਦ ਘਰਾਂ ਨੂੰ ਪਰਤੇ
ਨਾ ਘਰ ਸਨ ਨਾ ਰੁੱਖ
ਬਸ ਸਿਰਫ਼ ਬਚੇ ਸਨ ਰਾਹਾਂ ਦੇ ਨਿਸ਼ਾਨ
ਜਾਂ ਇੱਟਾ, ਪੱਥਰ ਤੇ ਖੰਡਰ
ਜਾਂ ਸੁਲਗਦੀਆ ਗੁੱਡੀਆਂ ਪਟੋਲੇ
ਘਰਾਂ ਦੇ ਨਾਂ ਨਿਸ਼ਾਨ ਤਾਂ ਖਾ ਗਏ ਦੇਵਤੇ
ਕੀ ਦੇਵਤੇ ਇੰਜ਼ ਸੋਚਦੇ ਹਨ ?
ਜਾਂ ਸਾਡੀ ਹੀ ਸੋਚ ਤੇ ਪਰਦਾ ਪੈ ਗਿਆ ਹੈ-
ਰਾਖ਼ਸ਼ ਕਹੋ ਇਹੋ ਜੇ ਦੇਵਤਿਆਂ ਨੂੰ-
ਕੀ ਕਦੇ ਇੰਜ਼ ਵੀ ਰੀਝਾਂ ਬਲਦੀਆਂ
ਦੇਖੀਆਂ ਜਾਂਦੀਆਂ ਹਨ ਸਾਹਮਣੇ
ਕੀ ਕਦੇ ਯਾਦਾਂ ਦੀਆਂ ਦੁਪਹਿਰਾਂ ਵੀ
ਧੁਖਦੀਆਂ ਦੇਖ ਸਕਦਾ ਹੈ ਕੋਈ?