ਮੇਰੀ ਮੌਤ ‘ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ ਰੇਤੇ ‘ਚ ਨਾ ਰਲਾਇਓ
ਮੇਰੀ ਵੀ ਜਿ਼ੰਦਗੀ ਕੀ ? ਇਕ ਬੂਰ ਸਰਕੜੇ ਦਾ
ਆਹਾਂ ਦਾ ਸੇਕ ਕਾਫ਼ੀ ਤੀਲੀ ਬੇਸ਼ਕ ਨਾ ਲਾਇਓ
ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇਕੇਰਾਂ
ਜਦ ਜਦ ਢਲ਼ੇਗਾ ਸੂਰਜ ਕਣ ਕਣ ਮੇਰਾ ਜਲ਼ਾਇਓ
ਵਲਗਣ ‘ਚ ਕੈਦ ਹੋਣਾ ਮੇਰੇ ਨਹੀਂ ਮੁਆਫਿ਼ਕ
ਯਾਰਾਂ ਦੇ ਵਾਂਗ ਅਰਥੀ ਸੜਕਾਂ ‘ਤੇ ਹੀ ਜਲ਼ਾਇਓ
ਜੀਵਨ ਤੋਂ ਮੌਤ ਤਾਈਂ, ਆਉਂਦੇ ਬੜੇ ਚੁਰਾਹੇ
ਜਿਸ ਦਾ ਹੈ ਪੰਧ ਬਿਖੜਾ ਓਸੇ ਹੀ ਰਾਹ ਲਿਜਾਇਓ