ਤੂੰ ਨਹੀਂ, ਤਾਂ ਮੈਂ ਖ਼ੁਦਾਈ ਤੋਹਫਿਆਂ ਨੂੰ ਕੀ ਕਰਾਂ
ਬਿਨ ਤੇਰੇ ਜੋ ਸਜਦੀਆਂ ਨੇ ਮਹਿਫਿ਼ਲਾਂ ਨੂੰ ਕੀ ਕਰਾਂ
ਤੂੰ ਹਰਿਕ ਦੇ ਪੂੰਝ ਅੱਥਰੂ ਹੱਸਣਾ ਦਿੱਤਾ ਸਿਖਾ
ਬਾਝ ਤੇਰੇ ਛਣਕਦੇ ਜੋ ਹਾਸਿਆਂ ਨੂੰ ਕੀ ਕਰਾਂ
ਤੂੰ ਮਿਰੇ ਰਾਹਾਂ ‘ਚ ਬਣ ਕੇ ਦੀਪ ਜਗਿਆ ਸੀ ਉਦੋਂ
ਬਿਨ ਤਿਰੇ ਸੁੰਨੇ ਪਏ ਜੋ ਰਸਤਿਆਂ ਨੂੰ ਕੀ ਕਰਾਂ
ਆਖਦਾ ਸੈਂ ਮਾਣਨਾ ਹੈ ਜਿਉਂਦਿਆਂ ਹੀ ਸੁਰਗ ਨੂੰ
ਤੂੰ ਮਿਰੇ ਅੰਦਰ ਭਰੇ ਜੋ ਜਜ਼ਬਿਆਂ ਨੂੰ ਕੀ ਕਰਾਂ
ਤੂੰ ਉਚਾਈ ਛੂਹ ਲਵੇਂ ਤੇ ਦਰਦ ਲੋਕਾਂ ਦਾ ਚੁਗੇਂ
ਜੋ ਰਿਹਾ ਹਾਂ ਪਾਲ਼ਦਾ ਮੈਂ ਹਸਰਤਾਂ ਨੂੰ ਕੀ ਕਰਾਂ
ਢਾਲ਼ ਬਣਿਆ ਤੂੰ, ਮਿਰੇ ‘ਤੇ ਵਾਰ ਹੋਇਆ ਜਦ ਕਦੇ
ਦੇਖ ਕੱਲਾ ਘੇਰਦੇ ਜੋ ਨਸ਼ਤਰਾਂ ਨੂੰ ਕੀ ਕਰਾਂ
ਦੋਸਤੀ ਦੀ ਸ਼ਾਨ ਸੀ ਤੂੰ ਅਪਣਿਆਂ ਦਾ ਮਾਣ ਸੀ
ਨਿੱਘ ਨਾ ਤੇਰੇ ਜਿਹਾ ਮੈਂ ਚਿਹਰਿਆਂ ਨੂੰ ਕੀ ਕਰਾਂ