ਜਜੀਰਾ ਹਾਂ ਚੁਫੇਰੇ ਕੈਦ ਹੈ ਬਿਫਰੇ ਸਮੁੰਦਰ ਦੀ
ਚਲੋ ਕੋਈ ਤਾਂ ਖਿੜਕੀ ਸਾਹਮਣੇ ਖੁੱਲੀ, ਹੈ ਅੰਬਰ ਦੀ
ਮੇਰੇ ਮਾਸੂਮ ਜਜ਼ਬੇ ਰੋਜ਼ ਹੀ ਇਸ ਅੰਦਰ ਚਿਣੇ ਜਾਂਦੇ
ਮੇਰੇ ਸੀਨੇ ‘ਚ ਨਿੱਤ ਸਰਹਿੰਦ ਦੀ ਦੀਵਾਰ ਉਸਰਦੀ
ਜ਼ਹਿਨ ਦੇ ਆਲ੍ਹਣੇ ਵਿਚ ਦੇਰ ਤੋਂ ਜੋ ਫੜਫੜਾਉਂਦਾ ਹੈ
ਜਗਾਉਂਦੀ ਰਾਤ ਭਰ ਮੈਨੂੰ ਗੁਟਰਗੂੰ ਉਸ ਕਬੂਤਰ ਦੀ
ਘਰੋਂ ਤਾਂ ਤੁਰ ਪਿਆ ਸਾਂ, ਮੈਂ ਵੀ ਬਣ ਜਾਣਾ ਸੀ ਪੈਗੰਬਰ
ਲਿਆਉਂਦੀ ਮੋੜ ਕੇ ਮੈਨੂੰ ਨਾ ਜੇ ਆਵਾਜ਼ ਝਾਂਜਰ ਦੀ
ਘਟਾਵਾਂ ਕਾਲੀਆਂ, ਨਦੀਆਂ, ਸਮੁੰਦਰ ਰੋਜ਼ ਹੀ ਚਿਤਰੇ
ਪਤਾ ਨਹੀਂ ਪਿਆਸ ਕਿਥੋਂ ਤੀਕ ਫੈਲੀ ਹੈ ਮੁਸਵਰ ਦੀ
ਬਰੂਹਾਂ ਤੇ ਖੁਸ਼ੀ ਤੇ ਫਿਕਰ ਨਾਲੋ ਨਾਲ ਆਉਂਦੇ ਨੇ
ਜਦੋਂ ਗਮਲੇ ਦੇ ਵਿਚ ਕੋਈ ਪੱਤੀ ਹੈ ਪੁੰਗਰਦੀ
ਘਰਾਂ ਦਾ ਰਾਜ਼ ਇਹ ਗਲੀਆਂ ‘ਚ ਫਿਰ ਕੇ ਨਸ਼ਰ ਕਰ ਦੇਵੇ
ਹਵਾ ਜਾਸੂਸ ਹੈ ਕਿਹੜੀ ਖਬਰ ਰੱਖਦੀ ਘਰ ਘਰ ਦੀ
ਦਫ਼ਨ ਹੋ ਕੇ ਵੀ ਉਹ ਬੇਚੈਨ ਹੈ ਲੋਕਾਂ ‘ਚ ਆ ਬਹਿੰਦੈ
ਅਜੇ ਸੱਥਾਂ ‘ਚ ਲਗਦੀ ਹਾਜ਼ਰੀ ਉਸ ਗੈਰਹਾਜ਼ਰ ਦੀ