ਉਹ.......... ਗ਼ਜ਼ਲ਼ / ਮਨਜੀਤ ਪੁਰੀ

ਬਣਾ ਕੇ ਫੁੱਲ ਕਾਗਜ਼ ਦੇ ਮਹਿਕ ਦੀ ਆਸ ਕਰਦਾ ਹੈ।
ਉਹ ਮੁਰਦਾ ਹੋ ਕੇ ਐਵੇਂ ਜੀਣ ਦਾ ਅਭਿਆਸ ਕਰਦਾ ਹੈ।

ਤੁਸੀਂ ਹੋ ਮਖ਼ਮਲੀ ਚੋਲੇ ‘ਚੋਂ ਜਿਸਨੂੰ ਲੱਭਦੇ ਫਿਰਦੇ
ਉਹ ਤਾਂ ਝੁੱਗੀਆਂ ਦੇ ਮੈਲੇ ਵਸਤਰਾਂ ਵਿੱਚ ਵਾਸ ਕਰਦਾ ਹੈ।

ਉਹ ਹੈ ਮਨਸੂਰ ਨਕਲੀ ਤੇ ਉਹਦੀ ਸੂਲੀ ਵੀ ਨਕਲੀ ਹੈ
ਤੇ ਸਾਡੇ ਸਾਹਵੇਂ ਨਕਲੀ ਮਰਨ ਦੀ ਉਹ ਰਾਸ ਕਰਦਾ ਹੈ।

ਹੈ ਅਜੀਬ ਉਹ ਕਿ ਉੱਡਦਿਆਂ ਦੇ ਖੰਭ ਕੱਟ ਦੇਵੇ
ਤੇ ਜੰਮਦੇ ਬੋਟਾਂ ਦੀ ਪਰਵਾਜ਼ ਲਈ ਅਰਦਾਸ ਕਰਦਾ ਹੈ।

ਬੜੇ ਕਿਰਦੇ ਉਹਦੇ ਕਿ ਰਾਮ ਬਣ ਕੇ ਪਰਤ ਆਉਂਦਾ ਹੈ
ਕਦੇ ਉਹ ਬੁੱਧ ਬਣ ਕੇ ਘਰਾਂ ‘ਚੋਂ ਬਨਵਾਸ ਕਰਦਾ ਹੈ।

ਮੇਰੇ ਖਾਬਾਂ ਦੀ ਭਾਸ਼ਾ ਉਮਰ ਭਰ ਉਹ ਸਮਝ ਨਹੀਂ ਸਕਦਾ
ਉਹ ਜਿਹੜਾ ਤੋਤਿਆਂ ਦੀ ਬੋਲੀ ‘ਤੇ ਵਿਸ਼ਵਾਸ਼ ਕਰਦਾ ਹੈ।

****