ਬੜੇ ਮਸ਼ਹੂਰ ਨੇ ਲੋਕ ਮੇਰੇ ਸ਼ਹਿਰ ਦੇ
ਰੁੱਖ ਲਾ ਦਿੰਦੇ ਨੇ ਖਿਲਾਫ ਦੁਪਹਿਰ ਦੇ।
ਜਦੋਂ ਵੀ ਨੇ ਮਿਲਦੇ ਰਾਹਾਂ ਵਿੱਚ ਮਿਲਦੇ
ਮੁੱਢ ਤੋਂ ਆਸ਼ਕ ਵਗਦੀ ਹੋਈ ਨਹਿਰ ਦੇ।
ਹਾਕਮਾਂ ਦੀ ਅੱਖ ’ਚ ਰਹਿੰਦੇ ਨੇ ਰੜਕਦੇ
ਸਾਥੀ ਬਣ ਜਾਂਦੇ ਉੱਠੀ ਹੋਈ ਲਹਿਰ ਦੇ।
ਹਵਾ ਨੂੰ ਵੀ ਰੱਖ ਕਿ ਤਲੀ ਉੱਤੇ ਚੱਖਦੇ
ਵੇਖਦੇ ਨੇ ਸਾਹ ਕਿਵੇਂ ਚੱਲਦੇ ਜਾਂ ਠਹਿਰਦੇ।
ਜਾਗਦੀਆਂ ਅੱਖਾਂ ਨਾਲ ਲੈਂਦੇ ਨੇ ਸੁਪਨੇ
ਆਕਾਸ਼ ਦੀ ਉਚਾਈ ਸਾਗਰਾਂ ਦੀ ਗਹਿਰ ਦੇ।
ਜਦੋਂ ਚੁੱਕ ਲੈਂਦੇ ਝੰਡਾ ਖੂਨ ਜਿਹੇ ਰੰਗ ਦਾ
ਫਿਕੇ ਪਾ ਦਿੰਦੇ ਰੰਗ ਜ਼ਾਲਮਾਂ ਦੀ ਕਹਿਰ ਦੇ।
****