ਨਜ਼ਮਾਂ.......... ਨਜ਼ਮ/ਕਵਿਤਾ / ਤਾਰਕ ਗੁੱਜਰ (ਪਾਕਿਸਤਾਨ)

ਦਿਖਾਵਾ

ਲੱਖ ਮਸੀਤੀਂ ਸਜਦੇ ਕੀਤੇ
ਮੰਦਰੀਂ ਦੀਵੇ ਬਾਲੇ |
ਗਿਰਜੇ ਵੜ ਸਲੀਬਾਂ ਪਾਈਆਂ

ਖ਼ੂਬ ਗਰੰਥ ਖੰਘਾਲੇ |
ਤਾਰਿਕ ਮੀਆਂ ਪਰ ਕਿਆ ਕਰੀਏ
ਮਨ ਕਾਲੇ ਦੇ ਕਾਲੇ

****

ਸੱਚ ਦੀ ਸਾਂਝ

ਅਸੀੰ ਮੰਦਰ ਵਿਚ ਨਮਾਜ਼ ਪੜੀ
ਤੇ ਮਸਜਿਦ ਵਿੱਚ ਸਲੋਕ |
ਅਸੀਂ ਰੱਬ ਸੱਚਾ ਨਾ ਵੰਡਿਆ
ਸਾਨੂੰ ਕਾਫ਼ਰ ਆਖਣ ਲੋਕ |

****

14 ਅਗਸਤ

ਵਿਹੜਿਆਂ ਦੇ ਵਿਚ ਸਾਰੇ ਬਾਲਕ
ਫਿਰਦੇ ਨੰਗ ਧੜੰਗੇ |
ਕੋਠੀਆਂ ਉਤੇ ਪਏ ਝੂਲਦੇ
ਦਸ ਦਸ ਗ਼ਜ਼ ਦੇ ਝੰਡੇ |