ਮੇਰੇ ਸਿਰ ਹੈ ਬਿਰਖਾਂ ਵਾਂਗੂੰ ਝੂਮਣ ਦਾ ਇਲਜ਼ਾਮ
ਕੌਣ ਹਵਾਵਾਂ ਦੀ ਭਾਸ਼ਾ ਵਿਚ ਲੈਂਦਾ ਮੇਰਾ ਨਾਮ
ਅੰਗਿਆਰਾਂ ਨੂੰ ਫੁੱਲ ਲਿਖਦਾ ਹੈ ਤੇ ਚੀਕਾਂ ਨੂੰ ਗੀਤ
ਜਦ ਤੋਂ ਸ਼ਾਇਰ ਨੂੰ ਮਿਲਿਐ ਸੋਨੇ ਦਾ ਕਲਮ ਇਨਾਮ
ਪੁਸਤਕ ਦੇ ਸਫ਼ਿਆਂ ਵਿਚ ਰੱਖੀ ਮੋਈ ਤਿਤਲੀ ਵਾਂਗ
ਉਹ ਲਿਖਦੀ ਸੀ ਮਹਿੰਦੀ ਨਾਲ ਤਲੀ ਤੇ ਮੇਰਾ ਨਾਮ
ਕਬਰ ਤੇ ਦੀਵਾ ਬਾਲ ਕੇ ਕੋਈ ਧਰ ਜਾਂਦਾ ਹੈ ਰੋਜ਼
ਪਿਆਸੀ ਰੂਹ ਨੂੰ ਕਰ ਜਾਂਦਾ ਹੈ ਉਹ ਬੇਆਰਾਮ
ਚਿਮਨੀ ਦਾ ਸਿਆਹ ਧੂੰਆਂ ਤਣ ਜਾਂਦਾ ਹੈ ਛਤਰੀ ਵਾਂਗ
ਪਿੰਡ ਮੇਰੇ ਹੁਣ ਸਿਖ਼ਰ ਦੁਪਹਿਰੇ ਪੈ ਜਾਂਦੀ ਹੈ ਸ਼ਾਮ
ਬੋਧ ਬ੍ਰਿਖ ਦੀ ਭਾਲ ’ਚ ਅਹੁਲ ਸਕੇ ਨਾ ਬੇਬਸ ਪੈਰ
ਇਕ ਥਾਂ ਚੱਕਰ ਕਟਦੇ ਕਟਦੇ ਗੁਜ਼ਾਰੀ ਉਮਰ ਤਮਾਮ
ਖੁਦ ਅਰਜਨ ਹਾਂ ਖੁਦ ਹੀ ਭੀਸ਼ਮ ਖੁਦ ਹੀ ਦੁਰਯੋਧਨ
ਯਾ ਰੱਬ ਮੇਰੇ ਹਿੱਸੇ ਆਇਆ ਇਹ ਕੈਸਾ ਸੰਗਰਾਮ