ਅੱਗ ਤੇ ਮਿੱਟੀ.......... ਗ਼ਜ਼ਲ / ਸੁਰਜੀਤ ਪਾਤਰ

ਇਕ ਦੀ ਰਾਸ਼ੀ ਧਰਤ ਸੀ, ਇਕ ਦੀ ਰਾਸ਼ੀ ਅਗਨ ਸੀ
ਇਕ ਉੱਗਣ ਵਿੱਚ ਲੀਨ ਸੀ, ਇਕ ਜਾਲਣ ਵਿਚ ਮਗਨ ਸੀ


ਇਕ ਬੰਦੇ ਦੀ ਸੋਚ ਨੇ, ਐਸਾ ਮੰਤਰ ਮਾਰਿਆ
ਅੱਗ ਤੇ ਮਿੱਟੀ ਮਿਲ ਗਏ, ਦੀਵੇ ਲਗ ਪਏ ਜਗਣ ਸੀ

ਧਾਤ ਨੂੰ ਤਾਰ ‘ਚ ਢਾਲਿਆ, ਰੁੱਖ ਰਬਾਬ ਬਣਾ ਲਿਆ
ਇਹ ਤਾਂ ਸਭ ਤਕਨੀਕ ਸੀ, ਅਸਲੀ ਗੱਲ ਤਾਂ ਲਗਨ ਸੀ

ਅਸਲੀ ਗੱਲ ਤਾਂ ਰਾਗ ਸੀ ਜਾਂ ਸ਼ਾਇਦ ਵੈਰਾਗ ਸੀ
ਨਹੀਂ ਨਹੀਂ ਅਨੁਰਾਗ ਸੀ, ਜਿਸ ਵਿੱਚ ਹਰ ਸ਼ੈਅ ਮਗਨ ਸੀ

ਖਿੱਚਾਂ ਕੁਝ ਮਜਬੂਰੀਆਂ, ਕੁਝ ਨੇੜਾਂ, ਕੁਝ ਦੂਰੀਆਂ
ਧਰਤੀ ਘੁੰਮਣ ਲੱਗ ਪਈ, ਅੰਬਰ ਲੱਗ ਪਿਆ ਜਗਣ ਸੀ

ਪਹਿਲਾਂ ਦਿਲ ਵਿੱਚ ਖੜਕੀਆਂ, ਫਿਰ ਸਾਜ਼ਾਂ ਵਿੱਚ ਥਰਕੀਆਂ
ਤਾਰਾਂ ਦੇ ਸਨ ਦੋ ਸਿਰੇ, ਇਕ ਛੁਪਿਆ ਇਕ ਨਗਨ ਸੀ

ਮਨ ‘ਤੇ ਪਰਦੇ ਪਹਿਨ ਕੇ, ਉਸਦੇ ਦਰ ਤੂੰ ਕਿਉਂ ਗਿਆ
ਸ਼ੀਸ਼ੇ ਵਾਂਗ ਸ਼ਫ਼ਾਫ ਸੀ ਜੋ ਧੁੱਪਾਂ ਵਾਂਗੂ ਨਗਨ ਸੀ

ਤਾਰਾਂ ਵਾਂਗ ਮਹੀਨ ਸੀ, ਇਹ ਉਸਦੀ ਤੌਹੀਨ ਸੀ
ਉਸ ਸੰਗ ਉੱਚੀ ਬੋਲਣਾ ਚੁੱਪ ਅੰਦਰ ਜੋ ਮਗਨ ਸੀ