ਹਵਾ ਦੇ ਸਹਿਮ ਵਿਚ ਜੇ ਖ਼ੁਦ ਲਈ ਓਹਲਾ ਬਣਾਵਾਂਗਾ
ਮੈਂ ਜਗਦੇ ਦੀਵਿਆਂ ਨੂੰ ਕਿਸ ਤਰਾਂ ਚਿਹਰਾ ਦਿਖਾਵਾਂਗਾ
ਮੈਂ ਰੋਕਾਂਗਾ ਕਦੇ ਨਾ ਇਹ ਬਣੇ ਦਸਤਾ ਕੁਹਾੜੀ ਦਾ
ਬਣਾ ਵੰਝਲੀ ਮੈਂ ਇਸ ਬੇਜਾਨ ਨੂੰ ਬੋਲਣ ਲਗਾਵਾਂਗਾ
ਮਿਲੇ ਮੈਨੂੰ ਸਜ਼ਾ ਏਨੀ ਮੇਰੇ ਕਿਰ ਜਾਣ ਪੋਟੇ ਹੀ
ਕਦੇ ਜੇ ਫੁੱਲ ਤੇ ਬੈਠੀ ਹੋਈ ਤਿਤਲੀ ਉਡਾਵਾਂਗਾ
ਜਗੇ ਹਰ ਹਰਫ਼ ਮੇਰਾ ਵਾਂਗ ਦੀਵੇ ਦੇ ਮੇਰੇ ਅੱਲਾ
ਦੀਵਾਲੀ ਵਾਂਗ ਮੈਂ ਹਰ ਵਰਕ ਦਾ ਵਿਹੜਾ ਸਜਾਵਾਂਗਾ
ਸੋਹਣੀਏ ਠੇਲ, ਲੈ ਮੈਨੂੰ ਝਨਾਂ ਵਿਚ ਅਮਰ ਹੋ ਜਾਵਾਂ
ਪਿਆ ਕੱਲਾ ਕਿਨਾਰੇ ਛੋਹ ਤੇਰੀ ਬਿਨ ਤਿੜਕ ਜਾਵਾਂਗਾ
ਜੇ ਆਵੇਂ ਸਾਰੀ ਦੀ ਸਾਰੀ ਮੇਰੀ ਹੋ ਕੇ ਤੂੰ ਐ ਕਵਿਤਾ
ਤੇਰੇ ਹਰ ਸ਼ਬਦ ਦੇ ਮੱਥੇ ਮਹਿਕਦੀ ਸੁਰ ਸਜਾਵਾਂਗਾ
ਨਹੀਂ ਇਹ ਲੋਚਦਾ ਦੇਵਾਂ ਕਿਸੇ ਨੂੰ ਮਾਤ ਮੈਂ ਯਾਰੋ
ਸਦਾ ਹੀ ਜਿੱਤ ਅਪਣੀ ਦਾ ਮਗਰ ਪਰਚਮ ਝੁਲਾਵਾਂਗਾ
ਕਿਤੇ ਤੂੰ ਖੁਰ ਨਾ ਜਾਵੇ ਰਿਸ਼ਤਿਆਂ ਦੀ ਇਸ ਨਦੀ ਅੰਦਰ
ਮੈਂ ਪਹਿਲਾਂ ਦੇਖ ਲਾਂ ਟੁਣਕਾ ਕੇ ਤੇ ਫਿਰ ਗਲ ਲਗਾਵਾਂਗਾ