ਸਾਰੇ ਅੱਥਰੂ ਅੱਥਰੂ ਨਹੀਂ ਹੁੰਦੇ, ਹੁੰਦਾ ਅੱਥਰੂਆਂ ਦੇ ਵਿੱਚ ਫਰਕ ਲੋਕੋ |
ਇੱਕ ਝੂਠੇ ਦਿਖਾਵੇ ਦੇ ਅੱਥਰੂ ਨੇ, ਇੱਕ ਗੁੱਸੇ ਦੇ, ਲਾਉਣ ਜੋ ਤਰਕ ਲੋਕੋ |
ਦੀਦ ਯਾਰ ਦੀ ਅੱਥਰੂ ਸਵਰਗ ਹੁੰਦੇ, ਯਾਰ ਵਿੱਛੜੇ ਅੱਥਰੂ ਨਰਕ ਲੋਕੋ |
ਵਿਰਲਾ ਕਿੰਗਰੇ ਸਮਝਦੈ ਅੱਥਰੂਆਂ ਨੂੰ ਹੁੰਦੇ ਅੱਥਰੂ ਦਿਲੇ ਦਾ ਅਰਕ ਲੋਕੋ |
****
ਤੈਨੂੰ ਹੱਥੀਂ ਵਿਦਾ ਕਰ, ਹੱਥ ਕਾਲਜੇ ‘ਤੇ ਧਰ;
ਰੱਜ ਰੱਜ ਕੇ ਵਹਾਏ ਅਸੀਂ ਖਾਰੇ ਅੱਥਰੂ |
ਸਾਡੇ ਹਾਉਕਿਆਂ ਦੇ ਸੱਜਰੇ ਸਹਾਰੇ ਅੱਥਰੂ |
ਜਦੋਂ ਯਾਦ ਤੇਰੀ ਆਈ, ਦਿਲ ਹੋ ਗਿਆ ਸ਼ੁਦਾਈ;
ਚੱਲੇ ਅੱਖੀਆਂ ‘ਚੋਂ ਅੱਜ, ਬੇ-ਮੁਹਾਰੇ ਅੱਥਰੂ |
ਸਾਡੇ ਹਾਉਕਿਆਂ ਦੇ..........
ਦਿੱਤਾ ਰੱਜ ਕੇ ਦਿਲਾਸਾ, ਝੂਠਾ ਮੂਠਾ ਧਰਵਾਸਾ;
ਰੁਕੇ ਫੇਰ ਵੀ ਨਾ ਹਿਜਰਾਂ ਦੇ ਮਾਰੇ ਅੱਥਰੂ |
ਸਾਡੇ ਹਾਉਕਿਆਂ ਦੇ..........
ਸਾਡੀ ਜਿੰਦ ਦਾ ਸਹਾਰਾ, ਜਾਨੋਂ ਵੱਧ ਕੇ ਪਿਆਰਾ;
ਸਾਨੂੰ ਤੈਥੋਂ ਵੱਧ ਲੱਗਦੇ ਪਿਆਰੇ ਅੱਥਰੂ |
ਸਾਡੇ ਹਾਉਕਿਆਂ ਦੇ..........
ਕਰ ਆਉਣ ਦੀ ਕੋਈ ਗੱਲ, ਦੇਹ ਸੁਨੇਹਾ ਭਾਵੇਂ ਘੱਲ;
ਤੇਰੇ ਆਉਣ ਦੀ ਉਡੀਕ ਦੇ ਨੇ ਲਾਰੇ |
ਸਾਡੇ ਹਾਉਕਿਆਂ ਦੇ..........
ਜਾਵੇ ਉਮਰਾਂ ਵੀ ਬੀਤ, ਸਾਡੀ ਮੁੱਕੂ ਨਾ ਉਡੀਕ;
ਭਾਵੇਂ ਮੁੱਕ ਜਾਣ ਅੱਖੀਆਂ ‘ਚੋਂ ਸਾਰੇ ਅੱਥਰੂ |
ਸਾਡੇ ਹਾਉਕਿਆਂ ਦੇ..........
ਰਹਿਗੀ ਹੱਡੀਆਂ ਦੀ ਮੁੱਠ, ਜਿੰਦ ਰੋਈ ਫੁੱਟ ਫੁੱਟ;
ਹਾਰ ਚੱਲੀ ਜਿੰਦ ਪਰ ਨਾ ਇਹ ਹਾਰੇ ਅੱਥਰੂ |
ਸਾਡੇ ਹਾਉਕਿਆਂ ਦੇ..........
ਪਿੰਡ ਚਕਰ ਨੂੰ ਆਵੀਂ, ਸਾਨੂੰ ਹੋਰ ਨਾ ਰੁਆਵੀਂ;
ਮਰ ਜਾਣ ਨਾ ਇਹ ਕਿੰਗਰੇ ਕੁਆਰੇ ਅੱਥਰੂ |
ਸਾਡੇ ਹਾਉਕਿਆਂ ਦੇ..........