ਪਤਝੜ ਵਿੱਚ ਵੀ ਕੁਹੂ ਕੁਹੂ ਦਾ ਰਾਗ ਅਲਾਪ ਰਹੇ ਨੇ |
ਮੈਨੂੰ ਪੰਛੀ ਵੀ ਸਾਜਿਸ਼ ਵਿੱਚ ਸ਼ਾਮਿਲ ਜਾਪ ਰਹੇ ਨੇ |
ਮੈਂ ਜਿੰਦਾ ਸਾਂ ਮੈਂ ਸਿਵਿਆਂ ‘ਚੋਂ ਉੱਠ ਕੇ ਜਾਣਾ ਹੀ ਸੀ,
ਮੈਨੂੰ ਕੀ ਜੇ ਮੁਰਦੇ ਬਹਿ ਕੇ ਕਰ ਵਿਰਲਾਪ ਰਹੇ ਨੇ |
ਸਾਡੇ ਕੋਲ ਅਕਾਸ਼ ਨਹੀਂ ਸੀ ਜਿਸ ‘ਤੇ ਚੜਦੇ ਲਹਿੰਦੇ,
ਸਾਡੇ ਸੂਰਜ ਵੀ ਸਾਡੇ ਲਈ ਇਕ ਸੰਤਾਪ ਰਹੇ ਨੇ |
ਕੁਝ ਨਸ਼ਤਰ, ਕੁਝ ਅੱਗ ਦੀਆਂ ਲਾਟਾਂ ਤੇ ਕੁਝ ਪਾਗਲ ਮਿਲ ਕੇ,
ਇਸ ਸ਼ਾਇਰ ਦੀ ਹਿੱਕ ‘ਤੇ ਉਸ ਦੀ ਕਵਿਤਾ ਛਾਪ ਰਹੇ ਨੇ |
ਪਾਰ ਉਤਰਨਾ ਦੂਰ ਉਨਾਂ ਤੋਂ ਡੁੱਬਿਆ ਵੀ ਨਹੀਂ ਜਾਣਾ,
ਮਨ ਹੀ ਮਨ ਜੋ ਸਾਗਰ ਦੀ ਗਹਿਰਾਈ ਨਾਪ ਰਹੇ ਨੇ |