ਵਸੀਅਤ ਲਿਖ ਦਿਆਂ .......... ਗ਼ਜ਼ਲ / ਰਾਜਿੰਦਰਜੀਤ

ਲਿਆ ਜ਼ਰਾ ਕਾਗਜ਼ ਹੁਣੇ ਅਪਣੀ ਵਸੀਅਤ ਲਿਖ ਦਿਆਂ
ਤਪਦਿਆਂ ਲਈ ਆਪਣੇ ਹਿੱਸੇ ਦੀ ਰਾਹਤ ਲਿਖ ਦਿਆਂ


ਤੂੰ ਜੇ ਮੇਰੇ ਵਾਸਤੇ ਮੁਸਕਾਉਣ ਦਾ ਵਾਅਦਾ ਕਰੇਂ
ਪੇਸ਼ਗੀ ਤੈਨੂੰ ਇਹ ਨਦੀਆਂ, ਪੌਣ, ਪਰਬਤ ਲਿਖ ਦਿਆਂ

ਸ਼ਾਮ ਤੀਕਰ ਧੁੱਪ ਦੇ ਸੰਗ ਖੜ ਸਕੋ ਜੇ ਦੋਸਤੋ
ਉੱਗਦੇ ਸੂਰਜ ਦੇ ਮੱਥੇ ‘ਤੇ ਬਗ਼ਾਵਤ ਲਿਖ ਦਿਆਂ

ਉਂਜ ਤਾਂ ਮੈਂ ਤੇਰੀਆਂ ਖ਼ੁਸ਼ੀਆਂ ਦਾ ਹੀ ਪੁੱਛਣਾ ਸੀ ਹਾਲ
ਜੇ ਕਹੇਂ ਤਾਂ ਆਪਣੇ ਜ਼ਖ਼ਮਾਂ ਦੀ ਹਾਲਤ ਲਿਖ ਦਿਆਂ

ਤੂੰ ਹੈਂ ਈਸਾ, ਮੈਂ ਨਹੀਂ – ਏਨਾ ਕੁ ਬਸ ਮਨਜ਼ੂਰ ਕਰ
ਆ ਤਿਰੀ ਸੂਲੀ ‘ਤੇ ਮੈਂ ਅਪਣੀ ਅਕੀਦਤ ਲਿਖ ਦਿਆਂ

ਆਪਣਾ ਪਿੰਡਾ ਬਚਾਉ, ਛੱਡ ਕੇ ਕਣੀਆਂ ਦਾ ਹੇਜ
ਜੀ ਕਰੇ ਮੈਂ ਕੱਚੀਆਂ ਕੰਧਾਂ ਨੂੰ ਇੱਕ ਖ਼ਤ ਲਿਖ ਦਿਆਂ

ਤੂੰ ਅਥਾਹ ਅਸਮਾਨ ਵੱਲ ਰੱਖੀਂ ਜ਼ਰਾ ਨਜ਼ਰਾਂ, ਤੇ ਮੈਂ
ਤੇਰੇ ਉੱਗਦੇ ਖੰਭ ‘ਤੇ ਉੱਡਣ ਦੀ ਚਾਹਤ ਲਿਖ ਦਿਆਂ

ਇਸ ਉਦਾਸੇ ਦੌਰ ਵਿੱਚ ਸਾਥੀ ਬਣਾ, ‘ਕੱਲਾ ਨਾ ਰਹਿ
ਆ ਤਿਰੇ ਨਾਂ ‘ਤੇ ਇਨਾਂ ਗ਼ਜ਼ਲਾਂ ਦੀ ਸੰਗਤ ਲਿਖ ਦਿਆਂ